ਪਿੰਡ ਕੋਟਲੀ ਸੰਘਰ ਵਿਖੇ ਰਿਹਾਇਸ਼ੀ ਖੇਤਰ ’ਚ ਕੂੜੇ ਦਾ ਡੰਪ ਬਣਾਉਣ ਤੋਂ ਭੜਕੇ ਲੋਕ
ਪਿੰਡ ਕੋਟਲੀ ਸੰਘਰ ਵਿਖੇ ਰਿਹਾਇਸ਼ੀ ਖੇਤਰ ’ਚ ਕੂੜੇ ਦਾ ਡੰਪ ਬਣਾਉਣ ਤੋਂ ਭੜਕੇ ਲੋਕ
Publish Date: Tue, 17 Feb 2026 05:01 PM (IST)
Updated Date: Tue, 17 Feb 2026 05:03 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਸੰਘਰ ਵਿਖੇ ਸੋਲਡ ਵੇਸਟਜ਼ ਪ੍ਰੋਜੈਕਟ ਅਧੀਨ ਰਿਹਾਇਸ਼ੀ ਖੇਤਰ ’ਚ ਬਣਾਏ ਜਾ ਰਹੇ ਕੂੜੇ ਦੇ ਡੰਪ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਪੰਚਾਇਤ ਘਰ ਮੂਹਰੇ ਪ੍ਰਸ਼ਾਸ਼ਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਹਰਦੀਪ ਸਿੰਘ, ਸਿਕੰਦਰ ਸਿੰਘ, ਪਾਲਾ ਸਿੰਘ, ਸੁਖਦੇਵ ਸਿੰਘ, ਕ੍ਰਿਸ਼ਨ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ ਦਰਜ਼ੀ, ਜਸ਼ਨਦੀਪ ਸਿੰਘ, ਬੂਟਾ ਸਿੰਘ, ਮਸਤਾਨ ਸਿੰਘ, ਮਨਜੀਤ ਕੌਰ, ਗੁਰਵਿੰਦਰ ਸਿੰਘ, ਕਿਰਨਦੀਪ ਕੌਰ, ਹਰਪ੍ਰੀਤ ਸਿੰਘ, ਹਰਵੀਰ ਕੌਰ, ਬੁੱਧ ਰਾਮ ਸਿੰਘ, ਲਵਪ੍ਰੀਤ ਕੌਰ, ਰੇਣੂ ਦੇਵੀ, ਕਰਮਚੰਦ, ਕਰਮਜੀਤ ਕੌਰ, ਚੂਹੜ ਸਿੰਘ, ਵੀਰਪਾਲ ਕੌਰ, ਫੂਲਾ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਨਿਰਭੈਅ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਦੇ ਪੰਚਾਇਤ ਘਰ ਜੋ ਕਿ ਰਿਹਾਇਸ਼ੀ ਖੇਤਰ ਦੇ ਨੇੜੇ ਇੱਕ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ, ਜਿਥੇ ਸਾਰੇ ਪਿੰਡ ਦਾ ਕੂੜਾ ਕਰਕਟ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਪੰਚਾਇਤ ਵੱਲੋਂ ਕਿਸੇ ਵੀ ਨੇੜਲੇ ਘਰ ਦੀ ਸਹਿਮਤੀ ਨਹੀਂ ਲਈ ਗਈ ਅਤੇ ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਥੇ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਪੰਚਾਇਤ ਨੂੰ ਮਿਲਕੇ ਡੰਪ ਇੱਥੇ ਨਾ ਬਣਾਉਣ ਦੀ ਮੰਗ ਰੱਖੀ ਹੈ। ਪਰ ਪੰਚਾਇਤ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੂੜੇ ਦਾ ਡੰਪ ਬਣੇਗਾ ਤਾਂ ਨੇੜਲੇ ਘਰਾਂ ਨੂੰ ਇਸ ਕੂੜੇ ਕਰਕਟ ਵਿਚੋਂ ਉਤਪੰਨ ਹੋਈ ਬਦਬੂ ਆਉਂਦੀ ਰਹੇਗੀ, ਜਿਸ ਕਾਰਨ ਉਨ੍ਹਾਂ ਨੂੰ ਰੋਟੀ ਖਾਣੀ ਵੀ ਦੁੱਭਰ ਹੋ ਜਾਵੇਗੀ। ਇਸਤੋਂ ਇਲਾਵਾ ਨਾਲ ਹੀ ਆਂਗਣਵਾੜੀ ਸੈਂਟਰ ਬਣਿਆ ਹੋਇਆ ਹੈ, ਜਿਥੇ ਛੋਟੇ ਛੋਟੇ ਬੱਚੇ ਆਉਂਦੇ ਹਨ, ਜੇਕਰ ਇਥੇ ਡੰਪ ਬਣਦਾ ਹੈ ਤਾਂ ਇਸ ਕੂੜੇ ਕਰਕਟ ’ਤੇ ਜਮ੍ਹਾਂ ਹੋਏ ਮੱੱਛਰ ਅਤੇ ਜ਼ਹਿਰੀਲੇ ਜੀਵਾਂ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਹੈ। ਪਿੰਡ ਵਾਸੀਆਂ ਦਾ ਇਕ ਵਫ਼ਦ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹ ਡੰਪ ਪਿੰਡ ਤੋਂ ਬਾਹਰ ਪੰਚਾਇਤੀ ਜ਼ਮੀਨ ’ਤੇ ਬਣਾਇਆ ਜਾਵੇ। ਓਧਰ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਕੇ ਹੱਲ ਕਰਵਾਇਆ ਜਾਵੇਗਾ। ਓਧਰ ਜਦੋਂ ਇਸ ਸਬੰਧੀ ਬੀਡੀਪੀਓ ਬੋਹੜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੋਲਡ ਵੇਸਟਜ਼ ਪਿੰਡ ’ਚ ਕਿਸ ਜਗ੍ਹਾ ਬਣ ਰਿਹਾ ਹੈ, ਇਸਦਾ ਉਹ ਪਤਾ ਕਰਾਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।