ਮਾਘੀ ਕਾਨਫਰੰਸ ’ਚ ਅਕਾਲੀ ਵਰਕਰਾਂ ਦਾ ਹੋਵੇਗਾ ਬੇਮਿਸਾਲ ਇਕੱਠ : ਹਨੀ ਫੱਤਣਵਾਲਾ
ਪੰਜਾਬ ਦੇ ਲੋਕਾਂ ਕੋਲ ਅਕਾਲੀ ਦਲ ਦੀ ਵਾਪਸੀ ਤੋਂ ਇਲਾਵਾ ਹੋਰ ਕੋਈ ਦੂਜਾ ਵਿਕੱਲਪ ਨਹੀਂ : ਹਨੀ ਫੱਤਣਵਾਲਾ
Publish Date: Sat, 10 Jan 2026 04:37 PM (IST)
Updated Date: Sat, 10 Jan 2026 04:39 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਮੇਲਾ ਮਾਘੀ ’ਤੇ ਸ੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਸਿਆਸੀ ਕਾਨਫਰੰਸ ’ਤੇ ਇਸ ਵਾਰ ਵੱਡਾ ਰਿਕਾਡਤੋੜ ਇਕੱਠ ਹੋਵੇਗਾ, ਜਿਸ ਨਾਲ ਵਿਰੋਧੀਆਂ ਵੱਲੋਂ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਤੇ ਇਸ ਕਾਨਫਰੰਸ ’ਤੇ ਹੋਣ ਵਾਲਾ ਅਕਾਲੀ ਦਲ ਦੇ ਜੂਝਾਰੂ ਵਰਕਰਾਂ ਤੇ ਲੋਕਾਂ ਦਾ ਇਕੱਠ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਰਾਹ ਪੱਧਰਾ ਕਰ ਦੇਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹਨੀ ਫੱਤਣਵਾਲਾ ਨੇ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ ਦੀ ਫੌਜ ਹੈ ਤੇ ਆਮ ਆਦਮੀ ਪਾਰਟੀ ਨੇ ਇਹ ਵਹਿਮ ਪਾਲ ਰੱਖਿਆ ਕਿ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ, ਪਰ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਸਪੱਸ਼ਟ ਕਰ ਦੇਣਗੇ ਕਿ ਅਕਾਲੀ ਦਲ ਕਦੇ ਵੀ ਖ਼ਤਮ ਨਹੀਂ ਹੋ ਸਕਦਾ ਕਿਉਂਕਿ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਅੱਜ ਸਿਰਫ ਆਮ ਆਦਮੀ ਪਾਰਟੀ ਨੂੰ ਸ੍ਰੋਮਣੀ ਅਕਾਲੀ ਦਾ ਡਰ ਹੀ ਸਤਾ ਰਿਹਾ ਹੈ। ਇਸ ਮੌਕੇ ਹਨੀ ਫੱਤਣਵਾਲਾ ਨੇ ਸਮੁੱਚੇ ਵਰਕਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਤੋਂ 14 ਜਨਵਰੀ ਨੂੰ ਵਿਰੋਧੀਆਂ ਖਿਲਾਫ਼ ਜੰਗ ਦਾ ਐਲਾਨ ਹੋਣਾ ਹੈ ਤੇ ਫੈਸਲਾ ਸ੍ਰੋਮਣੀ ਅਕਾਲੀ ਦਲ ਦੇ ਵੋਟਰਾਂ ਤੇ ਸਪੋਰਟਰਾਂ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਅਕਾਲੀ ਦਲ ਦੀ ਵਾਪਸੀ ਤੋਂ ਇਲਾਵਾ ਕੋਈ ਹੋਰ ਦੂਸਰਾ ਵਿਕੱਲਪ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦਾ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿਚੋਂ ਕੱਢਣ ਲਈ 2027 ’ਚ ਆਪਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਨੂੰ ਕਾਮਯਾਬ ਕਰੋ ਤਾਂ ਹੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਵੱਲ ਕਰ ਸਕਦੇ ਹਨ। ਉਨ੍ਹਾਂ ਅਕਾਲੀ ਦਲ ਪਾਰਟੀ ਨੂੰ ਬਜ਼ੁਰਗਾਂ ਦੀ ਪਾਰਟੀ ਦੱਸਿਆ। ਇਸ ਮੌਕੇ ਜਸ਼ਨ ਔਲਖ ਪ੍ਰਧਾਨ ਸੋਈ ਮਾਲਵਾ ਜੋਨ, ਜੈ ਰਾਜ ਸਿੰਘ ਬਰਾੜ ਫੱਤਣਵਾਲਾ ਵਾਇਸ ਪ੍ਰਧਾਨ ਯੂਥ ਅਕਾਲੀ ਦਲ, ਜਸਨੂਰ ਸਿੰਘ, ਆਨੰਦ ਸਿੰਘ, ਹੇਮਤ ਕੁਮਾਰ, ਨਿਖਿਲ ਕੁਮਾਰ ਅਤੇ ਨਵੀਨ ਕੁਮਾਰ ਆਦਿ ਮੌਜੂਦ ਸਨ।