ਵੀਹ ਸਾਲ ਤੋਂ ਸੀਵਰੇਜ ਸਮੱਸਿਆ ਤੋਂ ਪਰੇਸ਼ਾਨ ਲੋਕ
ਵੀਹ ਸਾਲ ਤੋਂ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕ
Publish Date: Sun, 25 Jan 2026 06:13 PM (IST)
Updated Date: Sun, 25 Jan 2026 06:16 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਦੇ ਵਾਰਡ ਨੰਬਰ 27 ਤੇ 29 ਦੇ ਲੋਕ ਪਿਛਲੇ ਵੀਹ ਸਾਲ ਤੋਂ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਹਨ। ਪੰਜਾਬ ਸਰਕਾਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਿਆਸੀ ਆਗੂਆਂ ਤੇ ਪ੍ਰਸ਼ਾਸਨ ’ਤੇ ਰੋਸ ਜ਼ਾਹਿਰ ਕਰਦਿਆਂ ਵਾਰਡ ਨੰਬਰ 27 ਤੇ 29 ਦੇ ਵਾਸੀਆਂ ਨੇ ਦੱਸਿਆ ਕਿ ਉਹ ਬੀਤੇ ਲਗਭਗ ਵੀਹ ਪੱਚੀ ਸਾਲਾਂ ਤੋਂ ਸੀਵਰੇਜ ਸਮੱਸਿਆ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਇੱਥੇ ਪੁਰਾਣਾ ਸੀਵਰੇਜ ਸਿਸਟਮ ਚੱਲ ਰਿਹਾ ਹੈ ਤੇ ਸੀਵਰੇਜ ਓਵਰਫਲੋ ਦੇ ਚਲਦਿਆਂ ਗੰਦਾ ਪਾਣੀ ਗਲੀਆਂ ਤੇ ਕਈਆਂ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਇਨ੍ਹਾਂ ਗਲੀਆਂ ’ਚੋਂ ਗੰਦੇ ਪਾਣੀ ਵਿੱਚ ਦੀ ਲੰਘ ਕੇ ਆਪਣੇ ਕੰਮਾਂ ਕਾਰਾਂ ’ਤੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚੇ ਵੀ ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਜਾਂਦੇ ਹਨ। ਲੋਕਾਂ ਨੇ ਸਥਾਨਕ ਪ੍ਰਸ਼ਾਸਨ ’ਤੇ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਸੀਵਰੇਜ ਦੇ ਪਾਣੀ ਦੀ ਬਦਬੂ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਗਲੀਆਂ ’ਚੋਂ ਕੋਈ ਕੂੜਾ ਚੁੱਕਣ ਵਾਲਾ ਵੀ ਨਹੀਂ ਆਉਂਦਾ ਤੇ ਕੂੜਾ ਗਲੀਆਂ ’ਚ ਹੀ ਪਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਸਿਆਸੀ ਆਗੂ ਵੋਟਾਂ ਲੈਣ ਲਈ ਤਾਂ ਗਲੀਆਂ ’ਚ ਆਉਂਦੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਿਸੇ ਨੇ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ’ਚ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਮੁਹੱਲਾ ਵਾਸੀ ਮੌਜੂਦ ਸਨ।