ਲੋਕ ਗੰਦਾ ਪਾਣੀ ਪੀਣ ਲਈ ਮਜਬੂਰ, ਨਹੀਂ ਹੋ ਰਹੀ ਸੁਣਵਾਈ
ਲੋਕ ਗੰਦਾ ਪਾਣੀ ਪੀਣ ਲਈ ਮਜਬੂਰ, ਨਹੀਂ ਹੋ ਰਹੀ ਸੁਣਵਾਈ
Publish Date: Sun, 25 Jan 2026 04:00 PM (IST)
Updated Date: Sun, 25 Jan 2026 04:01 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸਰਕਾਰ ਵੱਲੋਂ ਹਰ ਵਿਅਕਤੀ ਨੂੰ ਸਾਫ ਸੁਥਰਾ ਪਾਣੀ ਪੀਣ ਦੇ ਦਮਗਜੇ ਮਾਰੇ ਜਾਂਦੇ ਹਨ ਪਰ ਪਿੰਡ ਪੰਨੀ ਵਾਲਾ ਫੱਤਾ ਹਲਕਾ ਲੰਬੀ ਦੀ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ। ਪਿੰਡ ’ਚ ਦੋ ਵਾਟਰ ਵਰਕਸ ਬਣੇ ਹਨ ਅਤੇ ਪੁਰਾਣਾ ਵਾਟਰ ਵਰਕਸ ਜੋ ਅੱਧੇ ਨਾਲੋਂ ਵੱਧ ਪਿੰਡ ਨੂੰ ਪਾਣੀ ਸਪਲਾਈ ਕਰਦਾ ਹੈ, ਉਹ 1979 ਨੂੰ ਹੋਂਦ ’ਚ ਆਇਆ ਸੀ। ਦਰਸ਼ਨ ਸਿੰਘ ਕੇਪੀ ਜਲ ਸਪਲਾਈ ਮੰਤਰੀ ਨੇ ਇਸਦਾ ਉਦਘਾਟਨ ਕੀਤਾ ਸੀ ਪਰ ਅੱਜ ਇਸਦੀ ਹਾਲਤ ਕੂੜਾਦਾਨ ਤੋਂ ਵੀ ਭੈੜੀ ਬਣੀ ਹੋਈ ਹੈ। ਵਾਟਰ ਵਰਕਸ ਦਾ ਪਾਣੀ ਘਰਾਂ ’ਚ ਬਹੁਤ ਹੀ ਬਦਬੂਦਾਰ ਆ ਰਿਹਾ ਹੈ। ਲੋਕ ਪਾਣੀ ਪੀ ਕੇ ਅਤੇ ਪਾਣੀ ਨਾਲ ਨਹਾ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਾਣੀ ਨੂੰ ਸਾਫ ਕਰਨ ਵਾਸਤੇ ਵੀ ਰੇਤ ਬੱਜਰੀ ਆਦਿ ਦਾ ਪ੍ਰਬੰਧ ਨਹੀਂ ਹੈ ਅਤੇ ਕਿਟਾਣੂ ਮਾਰਨ ਲਈ ਲਾਲ ਦਵਾਈ ਵੀ ਨਹੀਂ ਪਾਈ ਜਾਂਦੀ ਕਿਉਂਕਿ ਪੰਚਾਇਤ ਕੋਲ ਇੰਨਾ ਪੈਸਾ ਇਕੱਠਾ ਨਹੀਂ ਹੁੰਦਾ ਜੋ ਬਿੱਲ ਲਏ ਜਾਂਦੇ ਹਨ ਉਸ ਨਾਲ ਤਾਂ ਦੋ ਬੰਦਿਆਂ ਦੀ ਤਨਖਾਹ ਵੀ ਪੂਰੀ ਨਹੀਂ ਹੁੰਦੀ ਅਤੇ ਰਿਪੇਅਰ ਤਾਂ ਵੱਖਰੀ ਹੈ। ਸਾਲਾਂ ਤੋਂ ਮਾੜਾ ਆ ਰਿਹਾ ਹੈ ਪਾਣੀ ਅੰਮ੍ਰਿਤਪਾਲ ਸਿੰਘ ਜਟਾਣਾ ਨੇ ਕਿਹਾ ਕਿ ਇਹ ਬਿਮਾਰੀ ਕਾਫੀ ਪੁਰਾਣੀ ਹੈ ਅਤੇ ਕਾਫੀ ਸਾਲਾਂ ਤੋਂ ਪਾਣੀ ਮਾੜਾ ਆ ਰਿਹਾ ਹੈ ਅਤੇ ਵਾਟਰ ਵਰਕਸ ਦਾ ਬੁਰਾ ਹਾਲ ਹੈ ਅਨੇਕਾਂ ਵਾਰ ਮਹਿਕਮੇ ਨੂੰ ਸ਼ਿਕਾਇਤ ਕਰ ਚੁੱਕੇ ਹਾਂ, ਟੋਲ ਫਰੀ ਨੰਬਰ ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਦੇ ਵਾਟਰ ਵਰਕਸ ਪੰਚਾਇਤ ਨੂੰ ਦਿੱਤੇ ਹਨ ਉਸ ਵਕਤ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹੈ ਹੈ ਪਰ ਮਜਬੂਰੀ ਵੱਸ ਮਾੜਾ ਪਾਣੀ ਪੀਣਾ ਪੈਂਦਾ ਹੈ ਤੇ ਨਹਾਉਣਾ ਪੈਂਦਾ ਹੈ ਅਤੇ ਪਸ਼ੂਆਂ ਨੂੰ ਵੀ ਪਿਆਉਣਾ ਪੈਂਦਾ ਹੈ ਕਿਉਂਕਿ ਹੋਰ ਤਾਂ ਕੋਈ ਵੱਖਰਾ ਪ੍ਰਬੰਧ ਹੋ ਹੀ ਨਹੀਂ ਸਕਦਾ ਡਿੱਗੀਆਂ ’ਚ ਮਹਿੰਗੇ ਟੈਂਕਰ ਤੋਂ ਪਾਣੀ ਪਵਾਉਂਦੇ ਹਾਂ ਬੇਅੰਤ ਸਿੰਘ ਜਟਾਣਾ ਨੇ ਕਿਹਾ ਕਿ ਪਾਣੀ ਮਾੜਾ ਹੋਣ ਕਰਨ ਅਸੀਂ ਤਾਂ ਡਿੱਗੀਆਂ ਵਿੱਚ ਟੈਂਕਰ ਤੋਂ ਪਾਣੀ ਪਵਾਉਂਦੇ ਹਾਂ ਅਤੇ ਇੱਕ ਟੈਂਕਰ ਦਾ 600 ਰੁਪਏ ਦੇਣਾ ਪੈਂਦਾ ਹੈ ਅਤੇ ਟੈਂਕਰ ਵਾਲਾ ਪਾਣੀ ਵੀ ਟਿਊਬਵੈਲ ਦਾ ਹੋਣ ਕਾਰਨ ਉਸ ਨਾਲ ਕੱਪੜੇ ਨਹੀਂ ਧੋਤੇ ਜਾਂਦੇ ਅਤੇ ਨਹਾਉਣਾ ਵੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਸਾਰਾ ਸਾਬਣ ਕੇਸਾਂ ’ਚ ਜੰਮ ਜਾਂਦਾ ਹੈ। ਚਾਹ ਸਬਜ਼ੀ ਵੀ ਨਹੀਂ ਬਣਦੀ ਫਿਰ ਮਜਬੂਰੀ ਵੱਸ ਕੀ ਕੀਤਾ ਜਾਵੇ। ਕੋਈ ਵੀ ਹੱਲ ਨਹੀਂ ਹੈ ਨਾ ਹੀ ਕੋਈ ਗੱਲ ਸੁਣਨ ਨੂੰ ਤਿਆਰ ਹੈ। ਅਸੀਂ ਹਰ ਮਹੀਨੇ ਵਾਟਰ ਵਰਕਸ ਦਾ ਬਿੱਲ ਵੀ ਟਾਈਮ ਸਿਰ ਭਰਦੇ ਹਾਂ ਪਰ ਸਹੂਲਤ ਨਹੀਂ ਮਿਲਦੀ। ਮਾੜੇ ਪਾਣੀ ਕਾਰਨ ਲੱਗ ਰਹੀਆਂ ਬਿਮਾਰੀਆਂ ਡਾ. ਮਹਿੰਦਰ ਸਿੰਘ ਚੇਅਰਮੈਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਾਸੀ ਪੰਨੀਵਾਲਾ ਫੱਤਾ ਨੇ ਕਿਹਾ ਕਿ ਸਾਡੇ ਕੋਲ ਮਰੀਜ਼ਾਂ ਦੀ ਗਿਣਤੀ ਕਾਫੀ ਵਧ ਗਈ ਹੈ ਜੋ ਕਿ ਲਿਵਰ, ਕਿਡਨੀ ਜਾਂ ਦਸਤ ਰੋਗਾਂ ਕਾਲਾ ਪੀਲੀਆ ਤੋਂ ਪੀੜਤ ਹੁੰਦੇ ਹਨ। ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਜੜ ਮਾੜਾ ਪਾਣੀ ਹੈ। ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਪੀਣ ਲਈ ਕਹਿੰਦੇ ਹਾਂ ਪਰ ਲੋਕ ਨਹਾਉਂਦੇ, ਦਾਲ ਸਬਜੀ, ਆਟਾ ਗੁੰਨਣਾ, ਪਸ਼ੂਆਂ ਨੂੰ ਪਿਆਉਣਾ, ਇੰਨਾ ਪਾਣੀ ਤਾਂ ਉਬਾਲਿਆ ਵੀ ਨਹੀਂ ਜਾ ਸਕਦਾ ਪਰ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਜਦੋਂ ਮਰੀਜ਼ ਬਿਮਾਰ ਹੁੰਦੇ ਹਨ ਕਿਉਂਕਿ ਅਸੀਂ ਤਾਂ ਹਰ ਇੱਕ ਦਾ ਭਲਾ ਲੋਚਦੇ ਹਾਂ। ਮੰਤਰੀ ਦੀ ‘ਘੂਰੀ’ ਵੀ ਰਹੀ ਬੇਅਸਰ ਜਦ ਵੀ ਹਲਕੇ ਦੇ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਪਿੰਡ ’ਚ ਆਉਂਦੇ ਹਨ ਤਾਂ ਪਿੰਡ ਦੇ ਲੋਕਾਂ ਵੱਲੋਂ ਜੋਰਦਾਰ ਢੰਗ ਨਾਲ ਮੁੱਦਾ ਉਠਾਇਆ ਜਾਂਦਾ ਹੈ। 12 ਜਨਵਰੀ ਨੂੰ ਜਦ ਮੰਤਰੀ ਪਿੰਡ ਆਏ ਤਾਂ ਲੋਕਾਂ ਨੇ ਫਿਰ ਮੁੱਦਾ ਉਠਾਇਆ ਤਾਂ ਮੰਤਰੀ ਨੇ ਐਕਸੀਅਨ ਵਾਟਰ ਸਪਲਾਈ ਮਲੋਟ ਨਾਲ ਤੁਰੰਤ ਫੋਨ ’ਤੇ ਗੱਲ ਕੀਤੀ ਅਤੇ ਸਖਤ ਲਹਿਜੇ ’ਚ ਉਨ੍ਹਾਂ ਨੂੰ ਪਿੰਡ ਆ ਕੇ ਸਮੱਸਿਆਵਾਂ ਹੱਲ ਕਰਨ ਲਈ ਕਿਹਾ। ਐਕਸੀਅਨ ਮਲੋਟ ਨੇ 18 ਜਨਵਰੀ ਦਾ ਟਾਈਮ ਲੈ ਲਿਆ ਪਰ ਬਾਵਜੂਦ ਇਸਦੇ ਅੱਜ ਤੱਕ ਵੀ ਐਕਸੀਅਨ ਸਾਬ੍ਹ ਨਹੀਂ ਪਹੁੰਚੇ। ਇਸਤੋਂ ਸਾਬਤ ਹੁੰਦਾ ਹੈ ਕਿ ਅਫਸਰ ਸ਼ਾਹੀ ਸਰਕਾਰ ’ਤੇ ਭਾਰੂ ਪੈ ਗਈ ਹੈ ਅਤੇ ਅਫਸਰ ਮੰਤਰੀਆਂ ਦੀ ਵੀ ਪ੍ਰਵਾਹ ਹੀ ਮੰਨਦੇ। ਅਫ਼ਸਰਸਾਹੀ ਸਰਕਾਰ ਦਾ ਅਕਸ ਖਰਾਬ ਕਰ ਰਹੀ ਹੈ ਇਸ ਸਬੰਧੀ ਦਿਲਬਾਗ ਸਿੰਘ ਸਰਪੰਚ ਪੰਨੀਵਾਲਾ ਫੱਤਾ ਨੇ ਕਿਹਾ ਕਿ ਅਫਸਰਸ਼ਾਹੀ ਸਰਕਾਰ ਦਾ ਅਕਸ ਖਰਾਬ ਕਰ ਰਹੀ ਹੈ ਪਰ ਇਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜਲਦੀ ਹੀ ਮੰਤਰੀ ਜੀ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ’ਚ ਸਾਰੀ ਗੱਲ ਲਿਆਂਦੀ ਜਾਵੇਗੀ ਤਾਂ ਕਿ ਸਰਕਾਰ ਦੀ ਸ਼ਾਖ ਖਰਾਬ ਨਾ ਹੋਵੇ ਅਤੇ ਅਫਸਰ ਸ਼ਾਹੀ ਨੂੰ ਨਕੇਲ ਪਾਈ ਜਾ ਸਕੇ।