ਪੀਐੱਸਪੀਸੀਐੱਲ ਸੰਚਾਲਨ ਮੰਡਲ ਨੇ ਮਨਾਇਆ ਪੈਸ਼ਨਰਜ਼ ਦਿਵਸ
ਪੈਨਸ਼ਨਰ ਐਸੋਸੀਏਸ਼ਨ ਪੀਐੱਸਪੀਸੀਐੱਲ ਸੰਚਾਲਨ ਮੰਡਲ ਨੇ ਮਨਾਇਆ ਪੈਸ਼ਨਰਜ਼ ਦਿਵਸ
Publish Date: Sun, 01 Feb 2026 04:17 PM (IST)
Updated Date: Sun, 01 Feb 2026 04:19 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਿਜਲੀ ਵਿਭਾਗ ਦੇ ਰਿਟਾਇਰ ਮੁਲਾਜ਼ਮਾਂ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਪੀਐੱਸਪੀਸੀਐੱਲ ਸੰਚਾਲਨ ਮੰਡਲ ਗਿੱਦੜਬਾਹਾ ਦੇ ਆਗੂ ਸ਼ਮਸ਼ੇਰ ਸਿੰਘ ਅਤੇ ਸਮੂਹ ਮੰਡਲ ਕਮੇਟੀ ਦੇ ਮੈਂਬਰਾਂ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਿਵਸ ਮਨਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਮੱਲਣ ਸਰਕਲ ਪ੍ਰਧਾਨ ਅਤੇ ਹਰਜੀਤ ਸਿੰਘ ਗੂੜ੍ਹੀ ਸੰਘਰ ਮੀਤ ਪ੍ਰਧਾਨ ਸਰਕਲ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਹਰਜੀਤ ਸਿੰਘ ਗੂੜ੍ਹੀ ਸੰਘਰ ਨੇ ਦੱਸਿਆ ਕਿ 17 ਦਸੰਬਰ 1982 ਦੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨ ਲਾਗੂ ਕੀਤੀ ਗਈ ਸੀ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ 2004 ਤੋਂ ਭਰਤੀ ਹੋਏ ਮੁਲਾਜ਼ਮ ਸਾਥੀਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ, ਜਿਸਨੂੰ ਲਾਗੂ ਕਰਵਾਉਣ ਲਈ ਸਮੂਹ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ। ਇਸ ਮੌਕੇ ਜੋਗਿੰਦਰ ਸਿੰਘ ਮੱਲਣ ਨੇ ਦੱਸਿਆ ਕਿ 1983 ਤੋਂ ਹੁਣ ਤੱਕ ਲਗਾਤਾਰ ਪੈਨਸ਼ਨਰ ਦਿਵਸ ਪੂਰੇ ਦੇਸ਼ ’ਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਬਿਜਲੀ ਬੋਰਡ ਤੋੜ ਕੇ ਇਸਨੂੰ ਪਾਵਰਕਾਮ ਬਣਾਇਆ ਗਿਆ ਅਤੇ ਹੁਣ ਬਿਜਲੀ ਬਿੱਲ 2025 ਨੂੰ ਲੋਕ ਸਭਾ ’ਚ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਦਾ ਸਮੂਹ ਪੈਨਸ਼ਨਰ ਵਿਰੋਧ ਕਰਦੇ ਹਨ, ਕਿਉਂਕਿ ਪਾਵਰਕਾਮ ਲਗਭਗ 7 ਲੱਖ ਕਰੋੜ ਦੇ ਘਾਟੇ ’ਚ ਹੈ ਅਤੇ ਨਵਾਂ ਬਿੱਲ ਲਿਆ ਕੇ ਪਾਵਰਕਾਮ ਮਹਿਕਮਾ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਤਿਆਰੀ ਹੈ। ਜਿਸ ਨਾਲ ਚਿੱਪ ਵਾਲੇ ਮੀਟਰ ਲਗਾਉਣ ਦਾ ਰਾਹ ਪੱਧਰਾ ਹੋ ਜਾਵੇਗਾ ਅਤੇ ਰਾਜਾਂ ਦੀਆਂ ਸ਼ਕਤੀਆਂ ਖ਼ਤਮ ਹੋ ਜਾਣਗੀਆਂ ਅਤੇ ਇਹ ਕੇਂਦਰ ਕੋਲ ਚਲੀਆਂ ਜਾਣਗੀਆਂ। ਇਸਦੇ ਨਾਲ ਹੀ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਬੀਜ ਬਿੱਲ, ਚਾਰ ਲੇਬਰ ਕੋਡ ਬਿੱਲ ਅਤੇ ਮਨਰੇਗਾ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦੇ ਦੱਸਿਆ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਫ਼ਰਵਰੀ ਦੇ ਆਖ਼ਰੀ ਹਫ਼ਤੇ ਬਿਜਲੀ ਮੰਤਰੀ ਆਵਾਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸਤੋਂ ਪਹਿਲਾਂ ਸੰਗਰੂਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। ਸਮਾਗਮ ’ਚ 70-80 ਸਾਲ ਦੀ ਉਮਰ ਵਾਲੇ 15 ਦੇ ਕਰੀਬ ਰਿਟਾਇਰ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਧੂ ਰਾਮ ਸ਼ਰਮਾ ਨੇ ਨਿਭਾਈ। ਇਸ ਮੌਕੇ ਸੁਰਿੰਦਰ ਸਿੰਘ, ਗੁਰਤੇਜ ਸਿੰਘ, ਜਗਦੀਸ਼ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ, ਹਰਪਿੰਦਰ ਪਿਓਰੀ ਆਦਿ ਹਾਜਰ ਰਹੇ। ਪ੍ਰੋਗਰਾਮ ਦੌਰਾਨ ਜਸਕਰਨ ਸਿੰਘ ਗੁਰੂਸਰ ਵੱਲੋਂ ਨਸ਼ਿਆਂ ਵਿਰੁੱਧ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ।