ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲੇਟਲਤੀਫ਼ੀ ਕਾਰਨ ਮਰੀਜ਼ ਪ੍ਰੇਸ਼ਾਨ
ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲੇਟਲਤੀਫ਼ੀ ਕਾਰਨ ਮਰੀਜ਼ ਪ੍ਰੇਸ਼ਾਨ
Publish Date: Thu, 11 Jun 2026 07:04 PM (IST)
Updated Date: Fri, 12 Jun 2026 04:12 AM (IST)

-ਐੱਸਐੱਮਓ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਸਿਵਲ ਹਸਪਤਾਲ ਮੁਕਤਸਰ ਵਿਖੇ ਕਈ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਦੇ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਸਪਤਾਲ ’ਚ ਡਾਕਟਰਾਂ ਦੀ ਡਿਊਟੀ ਦਾ ਸਮਾਂ ਸਵੇਰੇ 8 ਵਜੇ ਨਿਰਧਾਰਿਤ ਹੈ, ਪਰ ਅਕਸਰ ਦੇਖਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਡਾਕਟਰ ਅਤੇ ਹੋਰ ਸਟਾਫ਼ ਰੋਜ਼ਾਨਾ ਅੱਧਾ ਤੋਂ ਪੌਣਾ ਘੰਟਾ ਦੇਰੀ ਨਾਲ ਹਸਪਤਾਲ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਅੱਤ ਦੀ ਗਰਮੀ ਕਾਰਨ ਬਿਮਾਰੀਆਂ ਵਧਣ ਕਰਕੇ ਓਪੀਡੀ ’ਚ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਗਈ ਹੈ। ਦੂਰ-ਦੁਰਾਡੇ ਤੋਂ ਆਉਣ ਵਾਲੇ ਗਰੀਬ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵੇਰੇ 8 ਵਜੇ ਤੋਂ ਪਹਿਲਾਂ ਹੀ ਹਸਪਤਾਲ ਪਹੁੰਚ ਕੇ ਬੈਠ ਜਾਂਦੇ ਹਨ। ਵੀਰਵਾਰ ਸਵੇਰੇ ਜਦੋਂ ਮੀਡੀਆ ਟੀਮ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਕਿ 8 ਵਜੇ ਤੋਂ ਬਾਅਦ ਦੇਰੀ ਨਾਲ ਪਹੁੰਚਣ ਵਾਲੇ ਡਾ. ਐੱਸਐੱਮਓ ਦਫ਼ਤਰ ਦੇ ਬਾਹਰ ਹਾਜ਼ਰੀ ਲਗਾਉਂਦੇ ਨਜ਼ਰ ਆਏ। ਦੂਜੇ ਪਾਸੇ, ਸਵੇਰੇ ਤੋਂ ਹੀ ਇਲਾਜ ਲਈ ਆਏ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਲੰਬੀਆਂ ਕਤਾਰਾਂ ’ਚ ਖੜ੍ਹੇ ਹੋ ਕੇ ਡਾਕਟਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਲੇਟਲਤੀਫ਼ੀ ਕਾਰਨ ਜਿੱਥੇ ਮਰੀਜ਼ਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ, ਉੱਥੇ ਹੀ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਭਾਰੀ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ------------ ਸਮੇਂ ਸਿਰ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਐੱਸਐੱਮਓ ਇਸ ਗੰਭੀਰ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਸਚਦੇਵਾ ਨੇ ਦੱਸਿਆ ਕਿ ਉਹ ਖੁਦ ਦੇਰੀ ਨਾਲ ਆਉਣ ਵਾਲੇ ਡਾਕਟਰਾਂ ਦੀ ਹਾਜ਼ਰੀ (ਅਟੈਂਡੈਂਸ) ਨੋਟ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਕੁਝ ਡਾਕਟਰ ਨਿਯਮਿਤ ਰੂਪ ’ਚ ਲੇਟ ਆ ਰਹੇ ਹਨ। ਡਾ. ਸਚਦੇਵਾ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਸਮੇਂ ਦੀ ਪਾਲਣਾ ਨਾ ਕਰਨ ਵਾਲੇ ਡਾਕਟਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਸਮੁੱਚੇ ਸਟਾਫ਼ ਨੂੰ ਨਿਰਧਾਰਿਤ ਸਮੇਂ ਤੇ ਡਿਊਟੀ ’ਤੇ ਪਹੁੰਚਣ ਲਈ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰੀ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਾਰੇ ਡਾਕਟਰਾਂ ਅਤੇ ਸਟਾਫ਼ ਲਈ ਸਮੇਂ ਦੀ ਪਾਬੰਦੀ ਬੇਹੱਦ ਜ਼ਰੂਰੀ ਹੈ। ਐੱਸਐੱਮਓ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਵੀ ਕੋਈ ਕਰਮਚਾਰੀ ਜਾਂ ਡਾਕਟਰ ਨਿਰਧਾਰਿਤ ਸਮੇਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਰਕਾਰੀ ਨਿਯਮਾਂ ਅਨੁਸਾਰ ਬਣਦੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।