ਦਿਹਾਤੀ ਲਾਇਬ੍ਰੇਰੀਆਂ ਦੀ ਹੋਈ ਸਾਲਾਨਾ ਇਕੱਤਰਤਾ
ਦਿਹਾਤੀ ਲਾਇਬ੍ਰੇਰੀਆਂ ਦੀ ਸਲਾਨਾ ਇਕੱਤਰਤਾ ’ਚ ਲਿਆ ਭਾਗ
Publish Date: Mon, 23 Mar 2026 05:04 PM (IST)
Updated Date: Mon, 23 Mar 2026 05:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਪਰਵਾਜ਼ ਲਾਇਬ੍ਰੇਰੀ’ ਜੋ ਕਿ ਸੁਖਨ ਸੁਨੇਹੇ ਮੰਚ ਅਧੀਨ ਲੰਬੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ’ਚ ‘ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ’ ਦੀ ਸਾਂਭ-ਸੰਭਾਲ ਹੇਠ ਚੱਲ ਰਹੀ ਹੈ। ਸੁਖਨ ਸੁਨੇਹੇ ਮੰਚ ਦੇ ਪ੍ਰਧਾਨ ਹਰਪਿੰਦਰ ਰਾਣਾ ਨੇ ਦੱਸਿਆ ਕਿ ਇਹ ਲਾਇਬ੍ਰੇਰੀ ‘ਪੰਜਾਬੀ ਸਾਹਿਤ ਸਭਾ’ ਨਵੀਂ ਦਿੱਲੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਬੀਤੇ ਦਿਨੀ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੁਆਰਾ ਮੁਹਾਲੀ ਵਿਖੇ ਦਿਹਾਤੀ ਲਾਇਬ੍ਰੇਰੀਆਂ ਦੇ ਪ੍ਰਤੀਨਿਧਾਂ ਦੀ ਸਲਾਨਾ ਇਕੱਤਰਤਾ ਹੋਈ। ਇਸ ਸਲਾਨਾ ਇਕੱਤਰਤਾ ’ਚ ਮੰਚ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਪੰਮਾ ਸੰਧੂ ਨੇ ਭਾਗ ਲਿਆ। ਇਹ ਇਕੱਤਰਤਾ ਚੇਅਰਪਰਸਨ ਰੇਨੂਕਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਇਕੱਤਰਤਾ ’ਚ ਸੂਬੇ ਦੇ ਕਰੀਬ 150 ਤੋਂ ਵੱਧ ਲਾਇਬਰੇਰੀ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਅਤੇ ਸੁਖਨ ਸੁਨੇਹੇ ਮੰਚ ਦੇ ਜਨਰਲ ਸਕੱਤਰ ਪੰਮਾ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਮੁੱਖ ਮਕਸਦ ਪ੍ਰਵਾਜ਼ ਲਾਇਬ੍ਰੇਰੀ ਰਾਹੀਂ ਹਰ ਵਰਗ ਦੇ ਪਾਠਕਾਂ, ਉੱਭਰ ਰਹੀਆਂ ਕਲਮਾਂ ਅਤੇ ਬਾਲ ਫੁਲਵਾੜੀ ਨੂੰ ਕਿਤਾਬਾਂ ਅਤੇ ਲੇਖਣੀ ਨਾਲ ਜੋੜਨਾ ਹੈ। ਉਹਨਾਂ ਮੰਚ ਤੋਂ ਬੋਲਦਿਆਂ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸੰਚਾਲਕਾਂ ਦਾ ਧੰਨਵਾਦ ਕੀਤਾ ਤੇ ਸੰਸਥਾ ਦੁਆਰਾ ਬਣਦੇ ਫਰਜ਼ਾਂ ਦੀ ਅਦਾਇਗੀ ਕਰਦੇ ਰਹਿਣ ਦਾ ਵਿਸ਼ਵਾਸ ਦਵਾਇਆ। ਸੰਸਥਾ ਦੇ ਖਜਾਨਚੀ ਵਿਜੇ ਸਿਡਾਨਾ ਨੇ ਆਖਿਆ ਕਿ ਪਰਵਾਜ਼ ਲਾਇਬ੍ਰੇਰੀ ਰਾਹੀਂ ਔਰਤਾਂ ਤੇ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਚੇਅਰਪਰਸਨ ਪ੍ਰੋ. ਰੇਣੂਕਾ ਸਿੰਘ, ਰਸ਼ਪਾਲ ਬੱਧਣ, ਡਾ. ਕੇਸਰਾ ਸਿੰਘ ਤੇ ਡਾ. ਵਨੀਤਾ ਸਿੰਘ ਮੌਜੂਦ ਸਨ।