ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਨਵੀ ਦਿਸ਼ਾ ਦੇ ਦਸ਼ਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਸਕੂਲਾਂ ਅੰਦਰ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਲੋਟ ਵੈਸਟ-1 ਵਾਰਡ ਨੰਬਰ 21, ਸਰਕਾਰੀ ਹਾਈ ਸਕੂਲ (ਲੜਕੇ) ਨੇੜੇ ਰੇਲਵੇ ਸਟੇਸ਼ਨ ਵਾਰਡ ਨੰਬਰ 21, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੰਡੀ ਹਰਜੀ ਰਾਮ ਵਾਰਡ 22, ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਾਰਡ ਨੰਬਰ 21 ਮਲੋਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਨਾਨਕ ਨਗਰੀ ਵਾਰਡ ਨੰਬਰ 27 ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਮਾਪੇ ਤੇ ਅਧਿਆਪਕ ਵਿਚਕਾਰ ਦੂਰੀ ਨੂੰ ਘਟਾਉਣ ਦਾ ਇਹ ਉਪਰਾਲਾ ਸਰਕਾਰ ਵੱਲੋਂ ਉਲੀਕੀਆ ਗਿਆ ਹੈ ਤਾਂ ਜੋ ਘਰ ਤੇ ਸਕੂਲ ਵਿਚ ਬੱਚਿਆਂ ਦੇ ਵਿਵਹਾਰ, ਪੜਾਈ ਅਤੇ ਸੰਗਤ ਬਾਰੇ ਸਹੀ ਜਾਣਕਾਰੀ ਹਾਸਲ ਹੋ ਸਕੇ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸ਼ੁਰੂਆਤੀ ਦੌਰ ਵਿਚ ਚੰਗੀ ਤਰ੍ਹਾਂ ਦੇਖਭਾਲ ਹੋਵੇਗੀ ਤਾਂ ਬੱਚਾ ਮਾੜੀ ਸੰਗਤ ਜਾਣ ਤੋਂ ਬਚ ਸਕੇਗਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਬੱਚਿਆਂ ਨੂੰ ਸੰਭਾਲ ਲਵਾਂਗੇ ਤਾਂ ਭਵਿੱਖ ’ਚ ਪਛਤਾਉਣਾ ਨਹੀਂ ਪਵੇਗਾ। ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਬਿਹਤਰੀਨ ਬਣਾਉਣ ਲਈ ਮਾਪੇ ਅਧਿਆਪਕ ਮਿਲਣੀਆਂ ਜਰੀਏ ਵਿਦਆਰਥੀਆਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਮਲੋਟ ਦੇ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਅਤੇ ਕਲਾਸਰੂਮ ਵਿੱਚ ਪੜਾਈ ਲਈ ਸੁਖਾਵਾਂ ਮਾਹੌਲ ਬਣਾਉਣ ਲਈ ਏ.ਸੀ. ਵੀ ਲਗਾਏ ਗਏ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਲੋਟ ਦੇ ਸਾਰੇ ਸਕੂਲਾਂ ਵਿੱਚ ਏ.ਸੀ. ਲਗਾਏ ਜਾਣਗੇ। ਇਸਤੋਂ ਇਲਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਵਾਰਡ ਨੰਬਰ 8 ਦੇ ਬਾਬਾ ਦੀਪ ਸਿੰਘ ਨਗਰ ਵਿਖੇ ਕਰੀਬ ਸਾਢੇ ਚਾਰ ਕਰੋੜ ਦੀ ਲਾਗਤ ਨਾਲ ਤਿਆਰ ਹੋਈ ਨਵੀ ਵਾਟਰਵਰਕਸ ਦੇ ਪਾਣੀ ਦੀ ਟੈਂਕੀ ਦੀ ਸਪਲਾਈ ਸ਼ੁਰੂ ਕਰਵਾਈ, ਜਿਸ ਨਾਲ ਮਹੱਲਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ । ਮੀਡੀਆ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੁਹੱਲੇ ਦੇ ਲੋਕ ਪਿਛਲੇਂ 30 ਸਾਲਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸਦੇ ਆ ਰਹੇ ਸਨ ਜਿਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਨਵੀਂ ਪਾਣੀ ਵਾਲੀ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ ਹੈ ਅੱਜ ਇਸ ਦੀ ਸ਼ੁਰੂਆਤ ਹੋ ਗਈ ਤੇ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਦਾ ਹੋ ਗਿਆ ਹੈ। ਇਸ ਮੌਕੇ ਐਕਸੀਅਨ ਰਕੇਸ਼ ਕੁਮਾਰ, ਐਸਡੀਓ ਵਿਸਵਜੀਤ, ਰਕੇਸ਼ ਮੋਹਨ ਮੱਕੜ, ਜੇਈ ਰਾਜਵੰਤ ਸਿੰਘ, ਜੇਈ ਹਰਜਿੰਦਰ ਸਿੰਘ, ਪੀਏ ਅਰਸ਼ ਸਿੱਧੂ, ਪੀਏ ਸ਼ਿੰਦਰਪਾਲ ਸਿੰਘ, ਬਲਾਕ ਪ੍ਰਧਾਨ ਜਸਮੀਤ ਬਰਾੜ, ਬਲਾਕ ਪ੍ਰਧਾਨ ਰਾਜੀਵ ਬੱਬੂ ਤੋਂ ਇਲਾਵਾ ਆਪ ਆਗੂ ਗਗਨਦੀਪ ਸਿੰਘ, ਗੁਰਅਵਤਾਰ ਸਿੰਘ, ਰਾਜੀਵ ਉਪਲ, ਜੋਨੀ ਗਰਗ, ਰਾਜੂ ਸ਼ਰਮਾਂ ਹਾਜ਼ਰ ਸਨ।