ਆਪਰੇਸ਼ਨ ਪ੍ਰਹਾਰ-2.0 ਦਾ ਤੀਜਾ ਦਿਨ, ਗੈਂਗਸਟਰਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਜਾਰੀ
ਆਪਰੇਸ਼ਨ ਪ੍ਰਹਾਰ-2.0 (ਤੀਜਾ ਦਿਨ)
Publish Date: Wed, 11 Feb 2026 06:41 PM (IST)
Updated Date: Wed, 11 Feb 2026 06:44 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਆਪਰੇਸ਼ਨ ਪ੍ਰਹਾਰ-2.0” ਤਹਿਤ ਸੰਜੀਵ ਕੁਮਾਰ ਰਾਮਪਾਲ ਡੀਆਈਜੀ ਏਐਨਟੀਐਫ ਐਂਡ ਕਮਾਂਡੋ ਦੀ ਨਿਗਰਾਨੀ ਅਤੇ ਅਭਿਮਨਿਉ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਗੈਂਗਸਟਰ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨਾ ਹੈ। ਤਿੰਨ ਦਿਨਾਂ ਦੀ ਕੁੱਲ ਕਾਰਵਾਈ ਆਪਰੇਸ਼ਨ ਦੇ ਪਹਿਲੇ ਅਤੇ ਦੂਜੇ ਦਿਨ ਰਾਤ ਤੱਕ 102 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਤੀਜੇ ਦਿਨ ਦੀ ਕਾਰਵਾਈ ਦੌਰਾਨ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਿਸ ਨਾਲ 03 ਦਿਨਾਂ ਵਿੱਚ ਕੁੱਲ 133 ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 18 ਘੋਸ਼ਿਤ ਭਗੌੜੇ ਵੀ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਇਤਰਾਜਯੋਗ ਵਸਤੂਆਂ ਦੀ ਬਰਾਮਦਗੀ ਹੋਈ ਹੈ ਅਤੇ ਸੰਬੰਧਿਤ ਮਾਮਲਿਆਂ ਵਿੱਚ ਹੋਰ ਜਾਂਚ ਜਾਰੀ ਹੈ। ਸਖ਼ਤ ਨਾਕਾਬੰਦੀ ਅਤੇ ਸਰਚ ਅਭਿਆਨ ਤੀਜੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ’ਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕੁੱਲ 29 ਸਿਟੀ ਸੀਲਿੰਗ ਨਾਕੇ ਅਤੇ 9 ਜ਼ਿਲ੍ਹਾ ਪੱਧਰੀ ਸੀਲਿੰਗ ਨਾਕੇ ਲਗਾਏ ਗਏ, ਜਿੱਥੇ 250 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ। ਇਸਤੋਂ ਇਲਾਵਾ, ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਕੁੱਲ 550 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕਰਕੇ 71 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਵੱਲੋਂ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਲਗਾਤਾਰ ਰੇਡ ਅਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਹ ਸਾਰਾ ਆਪਰੇਸ਼ਨ ਮਨਮੀਤ ਸਿੰਘ ਢਿੱਲੋਂ ਐਸਪੀਡੀ ਦੀ ਦੇਖ-ਰੇਖ ਹੇਠ ਡਿਵੀਜ਼ਨ ਵਾਈਜ਼ ਤੌਰ ‘ਤੇ ਚਲਾਇਆ ਗਿਆ, ਜਿਸ ਵਿੱਚ ਬਚਨ ਸਿੰਘ, ਡੀਐਸਪੀ ਸ੍ਰੀ ਮੁਕਤਸਰ ਸਾਹਿਬ, ਨਵੀਨ ਪਾਲ ਸਿੰਘ ਡੀਐਸਪੀ ਮਲੋਟ, ਅਰਨ ਮੁੰਡਨ ਡੀਐਸਪੀ ਗਿੱਦੜਬਾਹਾ, ਹਰਬੰਸ ਸਿੰਘ ਡੀਐਸਪੀ ਲੰਬੀ ਵੱਲੋਂ ਆਪਣੇ-ਆਪਣੇ ਇਲਾਕਿਆਂ ਵਿੱਚ ਮੁਹਿੰਮ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਸੰਦੇਸ਼ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਇੰਟੈਲੀਜੈਂਸ-ਆਧਾਰਿਤ ਵਿਸ਼ੇਸ਼ ਕਾਰਵਾਈ ਗੈਂਗਸਟਰਾਂ, ਧਮਕੀ ਦੇਣ ਵਾਲੇ ਤੱਤਾਂ ਅਤੇ ਨਜਾਇਜ਼ ਵਸੂਲੀ ਕਰਨ ਵਾਲੇ ਅਪਰਾਧਿਕ ਗਿਰੋਹਾਂ ਖ਼ਿਲਾਫ਼ ਲਗਾਤਾਰ ਜਾਰੀ ਰਹੇਗੀ। ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਹਰ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕੀਤੀ ਜਾ ਰਹੀ ਹੈ। ਲੋਕਾਂ ਲਈ ਅਪੀਲ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ, ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਅਤੇ ਅਫ਼ਵਾਹਾਂ ਤੋਂ ਬਚਣ। ਕਿਸੇ ਵੀ ਅਪਰਾਧਿਕ ਜਾਣਕਾਰੀ ਲਈ ਪੁਲਿਸ ਹੈਲਪਲਾਈਨ ਨੰਬਰ 80549-42100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।