ਤਿੰਨ ਵਾਹਨਾਂ ਦੀ ਭਿਆਨਕ ਟੱਕਰ ’ਚ ਵਿਅਕਤੀ ਦੀ ਮੌਤ
ਤਿੰਨ ਵਾਹਨਾਂ ਦੀ ਭਿਆਨਕ ਟੱਕਰ ’ਚ ਇਕ ਵਿਅਕਤੀ ਦੀ ਮੌਤ
Publish Date: Wed, 25 Feb 2026 03:38 PM (IST)
Updated Date: Wed, 25 Feb 2026 03:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੰਗਲਵਾਰ ਦੀ ਦੇਰ ਰਾਤ ਮੁਕਤਸਰ-ਮਲੋਟ ਰੋਡ ’ਤੇ 3 ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜਖ਼ਮੀ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੇ ਘੋੜੇ ਟਰਾਲੇ ’ਤੇ ਘਿਉ ਦੇ ਡੱਬੇ ਲੋਡ ਕਰਕੇ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਆ ਰਿਹਾ ਸੀ ਤਾਂ ਜਦੋਂ ਉਹ ਮੁਕਤਸਰ-ਮਲੋਟ ਰੋਡ ’ਤੇ ਸਥਿਤ ਰਾਧਾ ਸੁਆਮੀ ਡੇਰੇ ਦੇ ਨਜ਼ਦੀਕ ਪੁੱਜਾ ਤਾਂ ਢਾਬੇ ਦੇ ਸਾਹਮਣੇ ਖੜੇ ਇੱਕ ਘੋੜੇ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਇੱਕ ਟਰਾਲੇ ਦਾ ਕੈਬਨ ਲਗਭਗ ਖ਼ਤਮ ਹੋ ਗਿਆ ਤੇ ਦੂਸਰੇ ਟਰਾਲੇ ਦਾ ਕੈਬਿਨ ਸੜਕ ਦੇ ਦੂਸਰੇ ਪਾਸੇ ਕਰੀਬ 50 ਫੁੱਟ ਦੂਰ ਜਾ ਡਿੱਗਾ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਅਤੇ ਉਸ ਦਾ ਸਹਾਇਕ ਕੰਡਕਟਰ ਕੰਵਲਜੀਤ ਸਿੰਘ ਜਖ਼ਮੀ ਹੋ ਗਿਆ ਅਤੇ ਦੂਸਰੇ ਟਰਾਲੇ ’ਚ ਸਵਾਰ ਵਿਅਕਤੀ ਜੋ ਅਬੋਹਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ, ਇਸ ਹਾਦਸੇ ਤੋਂ ਬਾਅਦ ਇਲਾਜ਼ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ। ਰਾਹਗੀਰਾਂ ਵੱਲੋਂ ਇਸ ਹਾਦਸੇ ਦੀ ਸੂਚਨਾ ਐਸਐਸਐਫ ਦੀ ਟੀਮ ਨੂੰ ਦਿੱਤੀ ਗਈ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬਚਾਅ ਕਾਰਜ਼ ਸ਼ੁਰੂ ਕਰਦਿਆਂ ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ਼ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਮੌਕੇ ’ਤੇ ਪੁੱਜੇ ਟਰੈਫਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ਼ ਸੁਖਦੇਵ ਸਿੰਘ ਅਤੇ ਸ਼ਹਿਰੀ ਇੰਚਾਰਜ਼ ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਟਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਤੇ ਵਾਹਨਾਂ ਨੂੰ ਸੜ੍ਹਕ ਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਇੱਕ ਮਹਿੰਦਰਾ ਪਿੱਕਅੱਪ ਜੋ ਕਿਨੂੰਆਂ ਨਾਲ ਭਰੀ ਹੋਈ ਸੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਨ੍ਹਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ।