ਤਿੰਨ ਵਾਹਨਾਂ ਦੀ ਭਿਆਨਕ ਟੱਕਰ ’ਚ ਇੱਕ ਦੀ ਮੌਤ, ਦੋ ਜ਼ਖਮੀ
ਤਿੰਨ ਵਾਹਨਾਂ ਦੀ ਭਿਆਨਕ ਟੱਕਰ ’ਚ ਇੱਕ ਦੀ ਮੌਤ, ਦੋ ਜ਼ਖਮੀ
Publish Date: Wed, 25 Feb 2026 05:06 PM (IST)
Updated Date: Wed, 25 Feb 2026 05:07 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਮੰਗਲਵਾਰ ਦੇਰ ਰਾਤ ਮੁਕਤਸਰ ਦੇ ਮਲੋਟ ਰੋਡ ਤੇ ਤਿੰਨ ਵਾਹਨਾਂ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਸੜਕ ਕਿਨਾਰੇ ਖੜ੍ਹੇ ਇਕ ਟਰਾਲੇ ’ਚ ਇਕ ਘੋੜਾ ਟਰਾਲ ਵੱਜਣ ਕਾਰਨ ਵਾਪਰਿਆ। ਓਧਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਦੁਪਹਿਰ 12 ਵਜੇ ਦੇ ਕਰੀਬ ਆਵਾਜਾਈ ਬਹਾਲ ਕਰ ਦਿੱਤੀ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੇ ਘੋੜਾ ਟਰਾਲੇ ਤੇ ਘਿਓ ਦੇ ਡੱਬੇ ਲੱਦ ਕੇ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਜਦੋਂ ਉਹ ਮੁਕਤਸਰ-ਮਲੋਟ ਰੋਡ ਤੇ ਰਾਧਾ ਸਵਾਮੀ ਡੇਰੇ ਦੇ ਨੇੜੇ ਪਹੁੰਚਿਆ ਤਾਂ ਉਸਦੀ ਟੱਕਰ ਇੱਕ ਢਾਬੇ ਦੇ ਸਾਹਮਣੇ ਸੜਕ ਕਿਨਾਰੇ ਖੜੇ ਇਕ ਘੋੜਾ ਟਰਾਲੇ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਟਰਾਲੇ ਦੇ ਦੋ ਹਿੱਸੇ ਹੋ ਗਏ। ਜਦੋਂ ਕਿ ਦੂਜੇ ਦਾ ਕੈਬਿਨ ਸੜਕ ਦੇ ਦੂਜੇ ਪਾਸੇ ਲਗਭਗ 50 ਫੁੱਟ ਦੂਰ ਡਿੱਗ ਗਿਆ। ਜਸਵਿੰਦਰ ਸਿੰਘ ਅਤੇ ਉਸਦੇ ਸਹਾਇਕ ਕੰਡਕਟਰ ਕੰਵਲਜੀਤ ਸਿੰਘ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਦੂਜੀ ਗੱਡੀ (ਨੰਬਰ RJ13GB2651) ਦੇ ਡਰਾਈਵਰ ਤਜਿੰਦਰ ਪਾਲ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਵਾਸੀ ਪਿੰਡ ਤਲਵਾਰ ਵਾਨਿਆ ਝੀਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਤਜਿੰਦਰ ਪਾਲ ਸੜਕ ਕਿਨਾਰੇ ਗੱਡੀ ਖੜ੍ਹੀ ਕਰਨ ਤੋਂ ਬਾਅਦ ਆਰਾਮ ਕਰ ਰਿਹਾ ਸੀ। ਰਾਹਗੀਰਾਂ ਨੇ ਪੰਜਾਬ ਸਰਕਾਰ ਦੀ ਐਸਐਸਐਫ ਟੀਮ ਨੂੰ ਸੂਚਿਤ ਕੀਤਾ ਜੋ ਮੌਕੇ ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ’ਚ ਰੱਖ ਦਿੱਤਾ। ਐਸਐਸਐਫ ਟੀਮ ਨੇ ਦੱਸਿਆ ਕਿ ਸੂਚਨਾਂ ਮਿਲਣ ਤੇ ਜਦ ਉਹ ਪਹੁੰਚੇ ਤਾਂ ਮਲੋਟ ਵਾਲੇ ਪਾਸੋਂ ਆਏ ਟਰੱਕ ਨੰਬਰ ਪੀਬੀ04ਏਡੀ6461 ’ਚ ਸਵਾਰ ਵਿਅਕਤੀਆਂ ਨੂੰ ਗੰਭੀਰ ਹਾਲਤ ’ਚ ਪਾਇਆ। ਉਨ੍ਹਾਂ ਨੂੰ ਕਰੇਨ ਅਤੇ ਹੋਰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। 112 ਐਂਬੂਲੈਂਸ ਬੁਲਾ ਕੇ ਮੁਕਤਸਰ ਸਿਵਲ ਹਸਪਤਾਲ ਲਿਜਾਇਆ ਗਿਆ। ਪੂਰੀ ਘਟਨਾ ਦੀ ਸੂਚਨਾ ਸਿਟੀ ਪੁਲਿਸ ਥਾਣੇ ਅਤੇ ਬੱਸ ਸਟੈਂਡ ਪੁਲਿਸ ਚੌਕੀ ਨੂੰ ਦਿੱਤੀ ਗਈ। ਇਸ ਦੌਰਾਨ, ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਸੁਖਦੇਵ ਸਿੰਘ ਸਮੇਤ ਇੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਟ੍ਰੈਫਿਕ ਨੂੰ ਬਾਹਲ ਕਰਨ ਲਈ ਵਾਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੁਪਹਿਰ 12 ਵਜੇ ਤੱਕ ਵਾਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਨੂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਵੀ ਹਾਦਸਾਗ੍ਰਸਤ ਹੋਈ ਹੈ ਜਿਸ ਕਾਰਨ ਉਸਦਾ ਵੀ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਓਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।