ਚੇਤਨਾ ਸਮਾਗਮ ਦੌਰਾਨ 86 ਪ੍ਰਾਣੀਆਂ ਨੇ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ
ਗਿੱਦੜਬਾਹਾ ਵਿਖੇ ਤਿੰਨ ਰੋਜਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਆਖਰੀ ਦਿਨ 86 ਪ੍ਰਾਣੀਆਂ ਨੇ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ
Publish Date: Fri, 13 Mar 2026 03:33 PM (IST)
Updated Date: Fri, 13 Mar 2026 03:36 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਗਿੱਦੜਬਾਹਾ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਅਭੈ ਸਿੰਘ ਢਿੱਲੋਂ ਦੀ ਅਗਵਾਈ ’ਚ ਭਾਰੂ ਰੋਡ ਸਥਿਤ ਨਵੀਂ ਅਨਾਜ ਮੰਡੀ ਗਿੱਦੜਬਾਹਾ ਵਿਖੇ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸ਼ਰਧਾ ਭਾਵ ਨਾਲ ਸੰਪੰਨ ਹੋ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਨਹਿਰੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਸਨ। ਇਸ ਮੌਕੇ ਬਹੁਤ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕੀਤੀ ਅਤੇ ਗੁਰੂ ਚਰਨਾ ਵਿਚ ਨਤਮਸਤਕ ਹੋਈ। ਇਸ ਮੌਕੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਖਾਲਸਾ (ਢੱਡਰੀਆਂ ਵਾਲੇ) ਨੇ ਗੁਰਬਾਣੀ ਕੀਰਤਨ ਅਤੇ ਗੁਰੂ ਇਤਿਹਾਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਕਿ ਹਾਜਰ ਸੰਗਤ ਪੂਰੀ ਤਰ੍ਹਾਂ ਭਾਵੁਕ ਹੋ ਗਈ। ਇਸ ਮੌਕੇ ਭਾਈ ਰਣਜੀਤ ਸਿੰਘ ਖਾਲਸਾ ਨੇ ਗੁਰਬਾਣੀ ਸ਼ਬਦ ‘ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ’ ਦਾ ਵਿਖਿਆਨ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਗੁਰੂ ਦੇ ਨਜਦੀਕ ਹੋ ਜਾਂਦੇ ਹਾਂ ਤਾਂ ਸਾਡਾ ਮਨ ਅੰਦਰੋ ਹਰਿਆ ਭਰਿਆ ਹੋ ਜਾਂਦਾ ਹੈ ਅਤੇ ਜੋ ਗੁਰੂ ਤੋਂ ਦੂਰ ਹੁੰਦੇ ਹਨ ਉਹ ਅੰਦਰੋਂ ਸੁੱਕ ਜਾਂਦੇ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਸਾਡੇ ਬਜੁਰਗ ਜਦੋਂ ਵੀ ਕਣਕ ਦੀ ਬਿਜਾਈ ਕਰਦੇ ਸੀ ਤਾਂ ਉਹ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਸਨ ਕਿ ਇਹ ਹਾਲੀ ਦੀ, ਇਹ ਪਾਲੀ ਦੀ, ਇਹ ਜਨੌਰਾਂ ਦੀ ਅਤੇ ਇਹ ਮੈਂ ਇੱਕਲੇ ਨੇ ਨਹੀਂ ਖਾਣਾ ਸਗੋਂ ਇਸ ਨਾਲ ਸਭ ਦਾ ਪੇਟ ਭਰਨਾ ਹੈ, ਇਸ ਲਈ ਫਸਲ ਵਿਚ ਬਰਕਤ ਪਾਈਂ। ਉਨ੍ਹਾਂ ਕਿਹਾ ਕਿ ਪਹਿਲਾਂ ਆਦਮੀ ਵਿਚ ਗੁਜਾਰੇ ਸੀ, ਸਬਰ ਸੀ, ਸੰਤੋਖ ਸੀ ਅਤੇ ਮਨ ਸ਼ਾਂਤ ਸੀ ਕਿਉਂਕਿ ਲੋਕ ਅੰਦਰੋ ਹਰੇ ਭਰੇ ਸਨ ਪਰੰਤੂ ਅੱਜ ਭਾਂਵੇ ਅਸੀਂ ਵੱਡੀਆਂ ਗੱਡੀਆਂ, ਪੈਸਿਆਂ ਵਾਲੇ ਹੋ ਗਏ ਹਾਂ ਪਰੰਤੂ ਸਾਡੇ ਮਨਾ ਅੰਦਰ ਸੋਕਾ ਪਿਆ ਹੋਇਆ ਹੈ ਤੇ ਮਨ ਸ਼ਾਂਤ ਨਹੀ ਹੈ, ਬੰਦਾ ਅੰਦਰੋ ਰੱਜ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਬਰ, ਸੰਤੋਖ ਵਾਲਾ ਵਿਅਕਤੀ ਹੀ ਅੰਦਰੋ ਰੱਜ ਸਕਦਾ ਹੈ ਤੇ ਹਰਿਆ ਭਰਿਆ ਹੋ ਸਕਦਾ ਹੈ। ਧਾਰਮਿਕ ਸਮਾਰੋਹ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਲਗਾਤਾਰ ਤਿੰਨੇ ਦਿਨ ਖੂਨਦਾਨ ਕੈਂਪ ਵੀ ਚੱਲਦਾ ਰਿਹਾ। ਇਸ ਮੌਕੇ 86 ਪ੍ਰਾਣੀਆਂ ਨੇ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਸਮਾਗਮ ਦੇ ਆਖਰੀ ਦਿਨ ਅਭੈ ਸਿੰਘ ਢਿੱਲੋਂ ਵੱਲੋਂ ਭਾਈ ਰਣਜੀਤ ਸਿੰਘ ਖਾਲਸਾ (ਢੱਡਰੀਆਂ ਵਾਲੇ) ਨੂੰ ਸਨਮਾਨਿਤ ਕੀਤਾ ਗਿਆ ਅਤੇ ਆਈ ਹੋਈ ਸੰਗਤ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।