ਖਾਲੀ ਪਲਾਟ ’ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ’ਚ ਝਗੜਾ
ਖਾਲੀ ਪਲਾਟ ’ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ’ਚ ਝਗੜਾ
Publish Date: Mon, 06 Apr 2026 08:06 PM (IST)
Updated Date: Mon, 06 Apr 2026 08:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੀ ਇੱਕ ਗਲੀ ’ਚ ਸਥਿਤ ਖਾਲੀ ਪਲਾਟ ’ਚ ਕੂੜਾ ਸੁੱਟਣ ਨੂੰ ਲੈ ਕੇ ਗੁਆਂਢੀਆਂ ਵਿਚਕਾਰ ਹੋਏ ਝਗੜੇ ’ਚ ਇੱਕ 15 ਸਾਲਾ ਨਾਬਾਲਗ ਕੁੜੀ ਜ਼ਖ਼ਮੀ ਹੋ ਗਈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸ਼ਨੀਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਥਾਣਾ ਗਿੱਦੜਬਾਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੂਰੇ ਮਾਮਲੇ ਦੇ ਸਬੰਧ ’ਚ ਪੀੜਤ ਕੁੜੀ ਦੇ ਪਿਤਾ ਕਪਿਲ ਚਲਾਨਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਉਨ੍ਹਾਂ ਦੀ ਬੇਟੀ ਘਰ ਦਾ ਕੂੜਾ ਸਾਹਮਣੇ ਸਥਿਤ ਖਾਲੀ ਪਲਾਟ ’ਚ ਸੁੱਟਣ ਗਈ ਸੀ। ਇਸੇ ਦੌਰਾਨ ਗੁਆਂਢ ’ਚ ਰਹਿਣ ਵਾਲੇ ਬਲਕਾਰ ਸਿੰਘ ਦੀ ਪਤਨੀ, ਬੇਟੀ ਖੁਸ਼ੀ ਅਤੇ ਜਵਾਈ ਅਭਿਜੋਤ ਸਿੰਘ ਨੇ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਗਲੀ ਵਿੱਚੋਂ ਘਸੀਟਦੇ ਹੋਏ ਆਪਣੇ ਘਰ ਲੈ ਗਏ। ਉਕਤ ਵਿਅਕਤੀਆਂ ਨੇ ਨਾਬਾਲਗ ਕੁੜੀ ਨੂੰ ਆਪਣੇ ਘਰ ਵਿੱਚ ਲੱਗੇ ਕਿੱਕਰ ਦੇ ਦਰੱਖਤ ਨਾਲ ਬੰਨ੍ਹ ਦਿੱਤਾ। ਕੁੱਟਮਾਰ ਕਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਗਲੇ ਵਿੱਚ ਚੁੰਨੀ ਪਾ ਕੇ ਫਾਹਾ ਕੱਸ ਦਿੱਤਾ। ਇਸੇ ਦੌਰਾਨ ਕੁੜੀ ਦੀ ਮਾਂ ਹੀਨਾ ਚਲਾਨਾ ਰੌਲਾ ਸੁਣ ਕੇ ਮੌਕੇ ਤੇ ਪਹੁੰਚੀ ਅਤੇ ਬੇਟੀ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਕੁੱਟਮਾਰ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕਾਰਨ ਕੁੜੀ ਨੂੰ ਕਾਫੀ ਸੱਟਾਂ ਆਈਆਂ ਹਨ ਅਤੇ ਉਹ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਦੂਜੇ ਪਾਸੇ, ਇਸ ਮਾਮਲੇ ਵਿੱਚ ਥਾਣਾ ਗਿੱਦੜਬਾਹਾ ਦੇ ਇੰਚਾਰਜ ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।