ਸਾਈਕਲਿਸਟ ਨਵੀਨ ਦਿਉੜਾ ਨੇ ਨੇ ਮਲੋਟ ਦਾ ਮਾਣ ਵਧਾਇਆ
ਨਵੀਨ ਦਿਉੜਾ ਨੇ ਮਲੋਟ ਦਾ ਮਾਣ ਵਧਾਇਆ
Publish Date: Sun, 22 Feb 2026 04:45 PM (IST)
Updated Date: Sun, 22 Feb 2026 04:48 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਸਿੱਖਿਆ ਵਿਭਾਗ ਦੇ ਸਰਕਾਰੀ ਹਾਈ ਸਕੂਲ ਪਿੰਡ ਬਾਦੀਆਂ ਵਿਖੇ ਬਤੌਰ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਨਵੀਨ ਦਿਉੜਾ ਨੇ ਸਾਈਕਲ ਰਾਈਡਿੰਗ ’ਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ l ਪਿਛਲੇ ਦਿਨੀਂ ਆਡਕਸ ਇੰਡੀਆ ਰੈੰਡੋਨੇਅਰਜ਼ ਦੇ ਹਿਸਾਰ ਰੈੰਡੋਨੇਅਰਜ਼ ਕਲੱਬ ਵੱਲੋਂ 1500 ਕਿਲੋਮੀਟਰ ਦੀ ਪੰਜ ਰੋਜ਼ਾ ਸਾਈਕਲ ਰਾਈਡਿੰਗ ਐੱਸ ਆਰ ਸੀਰੀਜ਼ ਕਾਰਵਾਈ ਗਈ ਜੋ ਕਿ ਪਹਿਲੇ ਪੜਾਅ ’ਚ ਹਿਸਾਰ ਤੋਂ ਪਿਹੋਵਾ-ਹਿਸਾਰ-ਚੋਰਮਾਰ ਸਾਹਿਬ ਹਿਸਾਰ ਦੇ 600 ਕਿਲੋਮੀਟਰ, ਦੂਜੇ ਪੜਾਅ ’ਚ ਹਿਸਾਰ-ਚੋਰਮਾਰ ਸਾਹਿਬ-ਹਿਸਾਰ ਦੇ 300 ਕਿਲੋਮੀਟਰ, ਤੀਜੇ ਪੜਾਅ ’ਚ ਹਿਸਾਰ-ਅਬੋਹਰ-ਹਿਸਾਰ ਦੇ 400 ਕਿਲੋਮੀਟਰ ਤੇ ਚੌਥੇ ਪੜਾਅ ’ਚ ਹਿਸਾਰ-ਪੰਜੂਆਣਾ- ਹਿਸਾਰ 200 ਕਿਲੋਮੀਟਰ ਜੋ ਕਿ ਕੁੱਲ 1500 ਕਿਲੋਮੀਟਰ ਬਣਦੇ ਹਨ ਸਮਾਂ ਰਹਿੰਦੇ ਪੂਰੇ ਕਰਕੇ ਐੱਸਆਰ ਦਾ ਖਿਤਾਬ ਜਿੱਤ ਕੇ ਆਪਣੇ ਸ਼ਹਿਰ ਮਲੋਟ ਤੇ ਸਿੱਖਿਆ ਵਿਭਾਗ ਦਾ ਨਾਮ ਹੋਰ ਵੀ ਰੋਸ਼ਨ ਕੀਤਾ। ਇਸ ਰਾਈਡਿੰਗ ’ਚ ਦੇਸ਼ ਦੇ ਪ੍ਰਸਿੱਧ ਸਾਈਕਲਿਸਟਾਂ ਨੇ ਹਿੱਸਾ ਲਿਆ ਜਿਸ ’ਚੋਂ ਕੇਵਲ ਨਵੀਨ ਦਿਉੜਾ ਨੇ ਹੀ ਇਹ ਸੀਰੀਜ਼ ਪੂਰੀ ਕੀਤੀ ਹੈ। ਨਵੀਨ ਦਿਉੜਾ ਨੇ ਇਹ ਰਾਈਡਿੰਗ ਆਪਣੇ ਪਿਤਾ ਬੋਧ ਰਾਜ ਦਿਉੜਾ ਨੂੰ ਸਮਰਪਿਤ ਕਰਦੇ ਆਖਿਆ ਕਿ ਸਾਈਕਲਿੰਗ ਸਰੀਰ ਦਾ ਬਹੁਤ ਵਧੀਆ ਅਭਿਆਸ ਹੈ ਜੋ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵੀਨ ਦਿਉੜਾ ਨੇ ਆਡਕਸ ਇੰਡੀਆ ਰੈੰਡੋਨੇਅਰਜ਼ ਵੱਲੋਂ ਕਰਵਾਈ ਗਈ ਸਾਇਕਲਿੰਗ ਰਾਈਡਿੰਗ ’ਚ 1000 ਕਿਲੋਮੀਟਰ, 1200 ਕਿਲੋਮੀਟਰ ਦੀ ਰਾਈਡਿੰਗ ਤੇ ਛੇ ਰੋਜ਼ਾ ਐੱਸ ਆਰ ਸੀਰੀਜ ਸਫ਼ਲਤਾ ਪੂਰਵਕ ਪੂਰੀ ਕਰ ਚੁੱਕੇ ਹਨ। ਇੱਥੇ ਇਹ ਦੱਸਣ ਯੋਗ ਹੈ ਕਿ ਨਵੀਨ ਦਿਉੜਾ ਸਾਲ 2026 ਦੀ ਪਹਿਲੀ ਪੰਜ ਰੋਜ਼ਾ ਐੱਸ ਆਰ ਸੀਰੀਜ ਪੂਰਾ ਕਰਨ ਵਾਲੇ ਪਹਿਲੇ ਭਾਰਤੀ ਨਾਗਰਿਕ ਬਣ ਗਏ ਹਨ, ਜੋ ਆਪਣੇ ਇਲਾਕੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਵੱਖ ਵੱਖ ਅਧਿਆਪਕਾਂ, ਸ਼ਹਿਰ ਦੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਵੀਨ ਦਿਉੜਾ ਨੂੰ ਵਧਾਈ ਦਿੱਤੀ।