ਰਾਜ ਪੱਧਰੀ ਟੀਚਰ ਫੈਸਟ ’ਚ ਮੁਕਤਸਰ ਦੇ ਅਧਿਆਪਕ ਚਮਕੇ
ਰਾਜ ਪੱਧਰੀ ਟੀਚਰ ਫੈਸਟ 2025-26 ਮੁਕਾਬਲਿਆਂ ’ਚ ਮੁਕਤਸਰ ਦੇ ਅਧਿਆਪਕਾਂ ਨੇ ਮਾਰੀਆਂ ਮੱਲਾਂ
Publish Date: Fri, 13 Feb 2026 05:09 PM (IST)
Updated Date: Fri, 13 Feb 2026 05:12 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਸਿੱਖਣ ਸਿਖਾਉਣ ਪ੍ਰਕਿਰਿਆ ਲਈ ਤਿਆਰ ਕੀਤੀਆਂ ਜਾਂਦੀਆਂ ਨਵੀਆਂ ਪੜਾਉਣ ਵਿਧੀਆਂ ਅਤੇ ਨਵੇਕਲੇ ਉਪਰਾਲਿਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਲਈ ਇਸ ਸਾਲ ਕਰਵਾਏ ਗਏ ਰਾਜ ਪੱਧਰੀ ਟੀਚਰ ਫੈਸਟ, ਜੋਕਿ ਮਿਤੀ 11 ਅਤੇ 12 ਫਰਵਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹੋਇਆ। ਇਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਯਾਦਵਿੰਦਰ ਸਿੰਘ ਮਾਨ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਕੁਮਾਰ ਸੋਨੀ ਅਤੇ ਡੀਆਰਸੀ ਗੁਰਮੇਲ ਸਿੰਘ ਸਾਗੂ ਦੀ ਅਗਵਾਈ ’ਚ ਜ਼ਿਲ੍ਹੇ ਦੇ ਕੁੱਲ 11 ਅਧਿਆਪਕਾਂ ਨੇ ਭਾਗ ਲਿਆ। ਜਿਸ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਅਧਿਆਪਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ ਜ਼ਿਲ੍ਹੇ ਦਾ ਨਾਮ ਪੰਜਾਬ ਪੱਧਰ ਉੱਤੇ ਰੌਸ਼ਨ ਕੀਤਾ। ਇਹਨਾਂ ਅਧਿਆਪਕਾਂ ਨੇ ਪਹਿਲਾਂ ਬਲਾਕ ਅਤੇ ਫਿਰ ਜ਼ਿਲ੍ਹਾ ਪੱਧਰ ਉੱਤੇ ਵਧੀਆ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਪੁਜੀਸ਼ਨਾਂ ਹਾਸਿਲ ਕਰਨ ਤੋਂ ਬਾਅਦ ਰਾਜ ਪੱਧਰੀ ਟੀਚਰ ਫੈਸਟ ਵਿੱਚ ਭਾਗ ਲਿਆ। ਇਸ ਰਾਜ ਪੱਧਰੀ ਟੀਚਰ ਫੈਸਟ ਮੁਕਾਬਲੇ ’ਚ ਸੁੰਦਰ ਲਿਖਾਈ ਅਤੇ ਕੈਲੀਗ੍ਰਾਫੀ ਕੈਟੇਗਰੀ ’ਚ ਗੁਰਨਾਮ ਸਿੰਘ ਪੰਜਾਬੀ ਮਾਸਟਰ, ਸਰਕਾਰੀ ਹਾਈ ਸਕੂਲ ਜਵਾਹਰੇ ਵਾਲਾ ਨੇ ਰਾਜ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ। ਅਮਨ ਗਰੋਵਰ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਨੇ ਈ ਕਲਾਸਰੂਮ ਲਰਨਿੰਗ ਐਪ ਕੈਟੇਗਰੀ ’ਚ ਪੰਜਾਬ ਭਰ ’ਚ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਸਰਵਜੋਤ ਕੌਰ ਮੈਥ ਮਿਸਟ੍ਰੇਸ ਸਰਕਾਰੀ ਹਾਈ ਸਕੂਲ ਹਰਾਜ ਨੇ ਮੈਨੂਅਲ ਗੇਮ ਕੈਟੇਗਰੀ ’ਚ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜਸਵਿੰਦਰ ਪਾਲ ਸ਼ਰਮਾ ਨਾਲ ਵਿਚਾਰ ਸਾਂਝੇ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਯਾਦਵਿੰਦਰ ਸਿੰਘ ਮਾਨ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਜਿੰਦਰ ਕੁਮਾਰ ਸੋਨੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਨੇ ਇਨ੍ਹਾਂ ਅਧਿਆਪਕਾਂ ਅਤੇ ਇਨਾਂ ਅਧਿਆਪਕਾਂ ਦੇ ਸਕੂਲ ਮੁਖੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਭਵਿੱਖ ਵਿੱਚ ਵੀ ਇਨ੍ਹਾਂ ਅਧਿਆਪਕਾਂ ਤੋਂ ਪ੍ਰੇਰਨਾ ਲੈਂਦੇ ਹੋਏ ਜ਼ਿਲ੍ਹੇ ਦੇ ਹੋਰਨਾਂ ਅਧਿਆਪਕਾਂ ਨੂੰ ਵੀ ਵਿਭਾਗ ਵੱਲੋਂ ਕੀਤੇ ਜਾਂਦੇ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।