ਬੈਕਵਰਡ ਲਿੰਕੇਜ ਖੁੰਗਾਲ ਕੇ ਬਠਿੰਡਾ ’ਚ ਗੈਰਕਾਨੂੰਨੀ ਦਵਾਈ ਫੈਕਟਰੀ ਸੀਲ
ਮੁਕਤਸਰ ਪੁਲਿਸ ਵੱਲੋਂ ਬੈਕਵਰਡ ਲਿੰਕੇਜ ਖੁੰਗਾਲ ਕੇ ਬਠਿੰਡਾ ਵਿੱਚ ਗੈਰਕਾਨੂੰਨੀ ਦਵਾਈ ਫੈਕਟਰੀ ਸੀਲ
Publish Date: Sun, 18 Jan 2026 03:40 PM (IST)
Updated Date: Sun, 18 Jan 2026 03:43 PM (IST)

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਜੀਪੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਨਿਰੰਤਰ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮੁੱਕਦਮਾ ਨੰਬਰ 316 ਮਿਤੀ 26.11.2025, ਧਾਰਾ 22ਬੀ/27(A)/61/85 ਐਨਡੀਪੀਐਸ ਐਕਟ ਅਤੇ 223 ਬੀਐਨਐਸ, ਥਾਣਾ ਕਿਲਿਆਂਵਾਲੀ ’ਚ ਦਰਜ ਕੀਤੇ ਗਏ ਕੇਸ ਦੀ ਜਾਂਚ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ ਵਾਸੀ ਮੰਡੀ ਕਿਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 20 ਗੋਲੀਆਂ, 80 ਪਾਬੰਦੀਸ਼ੁਦਾ ਕੈਪਸੂਲ, 7,26,000/- ਰੁਪਏ ਡਰੱਗ ਬਰਾਮਦ ਕੀਤੀ ਗਈ। ਬੈਕਵਰਡ ਲਿੰਕੇਜ ਦੀ ਗਹਿਰਾਈ ਨਾਲ ਜਾਂਚ ਗਿਰਫ਼ਤਾਰ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਕ੍ਰਿਸ਼ਨ ਕੁਮਾਰ (ਗ੍ਰਿਫ਼ਤਾਰ ਮੁਲਜ਼ਮ ਦਾ ਭਰਾ), ਵਾਸੀ ਮੰਡੀ ਕਿਲਿਆਂਵਾਲੀ ਅਤੇ ਵੰਸ਼ ਕਵਾਤਰਾ, ਪੁੱਤਰ ਅਨਿਲ ਕੁਮਾਰ, ਵਾਸੀ ਮੰਡੀ ਡੱਬਵਾਲੀ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਨੂੰ ਮਿਤੀ 29.11.2025 ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਮਿਤੀ 04.01.2026 ਨੂੰ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਵੰਸ਼ ਕਵਾਤਰਾ ਮੰਡੀ ਡੱਬਵਾਲੀ ਵਿਖੇ ਇੱਕ ਮੈਡੀਕਲ ਸਟੋਰ ਚਲਾ ਰਿਹਾ ਸੀ। ਮਿਤੀ 05.01.2026 ਨੂੰ ਦੋਹਾਂ ਤੋ 30,000 ਟੈਪੈਂਟਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫਾਰਮਾਸਿਊਟੀਕਲ ਸਪਲਾਈ ਚੇਨ ਦਾ ਪਰਦਾਫਾਸ਼ ਲਗਾਤਾਰ ਅਤੇ ਤਕਨੀਕੀ ਤਰੀਕੇ ਨਾਲ ਕੀਤੀ ਗਈ ਫਾਲੋਅਪ ਜਾਂਚ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਟੀਮ ਵੱਲੋਂ ਇਹ ਸਾਹਮਣੇ ਲਿਆਂਦਾ ਗਿਆ ਕਿ ਉਕਤ ਮੁਲਜ਼ਮ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਰੇਡੀਨੇਕਸ ਲਾਈਫ ਸਾਇੰਸਿਜ਼ ਪ੍ਰਾਇਵੇਟ ਲਿਮਿਟੇਡ, ਮਾਨਸਾ ਰੋਡ, ਬਠਿੰਡਾ ਤੋਂ ਪ੍ਰਾਪਤ ਕਰ ਰਹੇ ਸਨ। ਇਸ ਸੂਚਨਾ ਦੇ ਆਧਾਰ ’ਤੇ, ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਟੀਮ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਮਿਲ ਕੇ ਮਾਨਸਾ ਰੋਡ ਬਠਿੰਡਾ ਸਥਿਤ ਉਕਤ ਫਾਰਮਾਸਿਊਟੀਕਲ ਯੂਨਿਟ ’ਤੇ ਮਿਤੀ 17.1.2026 ਨੂੰ ਰੇਡ ਕੀਤੀ ਗਈ। ਰੇਡ ਦੌਰਾਨ ਵੱਡੀ ਮਾਤਰਾ ’ਚ ਕੱਚਾ ਮਾਲ, ਬਿਨਾਂ ਮਨਜ਼ੂਰੀ ਅਤੇ ਲਾਇਸੈਂਸ ਦੇ ਦਵਾਈ ਬਣਾਉਣ ਦੇ ਸਬੂਤ ਬਰਾਮਦ ਕੀਤੇ ਗਏ। ਫੈਕਟਰੀ ਦੇ ਮਾਲਕ ਵੱਲੋਂ ਕਿਸੇ ਵੀ ਕਿਸਮ ਦਾ ਵੈਧ ਲਾਇਸੰਸ, ਦਸਤਾਵੇਜ਼ ਜਾਂ ਸੰਤੋਸ਼ਜਨਕ ਜਵਾਬ ਪੇਸ਼ ਨਹੀਂ ਕੀਤਾ ਜਾ ਸਕਿਆ। ਰੇਡ ਦੌਰਾਨ 1,85,000 ਖੁੱਲ੍ਹੀਆਂ ਗੋਲੀਆਂ, 42,350 ਜ਼ੈਂਟਾਡੋਲ ਗੋਲੀਆਂ, 1,22,400 ਟੈਨੇਡੋਲ ਗੋਲੀਆਂ, ਲਗਭਗ 10 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਪੇਸ਼ੇਵਰ ਜਾਂਚ, ਮਜ਼ਬੂਤ ਬੈਕਵਰਡ ਲਿੰਕੇਜ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੇ ਨਤੀਜੇ ਵਜੋਂ, ਉਕਤ ਗੈਰਕਾਨੂੰਨੀ ਦਵਾਈ ਤਿਆਰ ਕਰਨ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਖ਼ਤ ਚਿਤਾਵਨੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨਾਲ ਜੁੜੇ ਕਿਸੇ ਵੀ ਪੱਧਰ ਦੇ ਨਸ਼ਾ ਤਸਕਰ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਹੋਰ ਵੱਡੇ ਪੱਧਰ ’ਤੇ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਨਸ਼ਾ ਤਸਕਰੀ, ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਤਿਆਰੀ ਜਾਂ ਵਿਕਰੀ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ। ਇਸ ਲਈ ਹੈਲਪਲਾਈਨ ਨੰਬਰ 80549-42100 ਜਾਰੀ ਕੀਤਾ ਗਿਆ ਹੈ। ਐਸਐਸਪੀ ਨੇ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।