‘ਗੈਂਗਸਟਰਾਂ ਤੇ ਵਾਰ’ ਮੁਹਿੰਮ ਹੇਠ ਮੁਕਤਸਰ ਪੁਲਿਸ ਵੱਲੋਂ ਰਾਤ ਸਮੇਂ ਸਪੈਸ਼ਲ ਚੈਕਿੰਗ
ਗੈਂਗਸਟਰਾਂ ਤੇ ਵਾਰ ਮੁਹਿੰਮ ਹੇਠ ਮੁਕਤਸਰ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਸਮੇਂ ਸਪੈਸ਼ਲ ਚੈਕਿੰਗ
Publish Date: Fri, 13 Mar 2026 04:06 PM (IST)
Updated Date: Fri, 13 Mar 2026 04:09 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਮੁਹਿੰਮ ਗੈਂਗਸਟਰਾਂ ’ਤੇ ਵਾਰ ਤਹਿਤ ਜ਼ਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਭਿਮੰਨਿਊ ਰਾਣਾ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਪੂਰੀ ਰਾਤ ਤੱਕ ਨਾਈਟ ਡੋਮੀਨੇਸ਼ਨ ਤਹਿਤ ਇੱਕ ਵਿਸਥਾਰਪੂਰਕ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਨਾਕਿਆਂ ਤੋਂ ਇਲਾਵਾ, ਰੇਲਵੇ ਸਟੇਸ਼ਨ, ਬੱਸ ਅੱਡਾ, ਮੁੱਖ ਰੂਟਾਂ, ਗਲੀ-ਮੁਹੱਲੇ, ਲਵਾਰਿਸ ਵਾਹਨ, ਸੁਰੱਖਿਆ ਗਾਰਡ, ਨਾਈਟ ਸ਼ਿਫਟ ਕੰਮ ਕਰ ਰਹੇ ਕਰਮਚਾਰੀ ਅਤੇ ਨੋ-ਮੂਵਮੈਂਟ ਇਲਾਕਿਆਂ ’ਚ ਵੀ ਸਮੇਤ ਪੀਸੀਆਰ ਮੋਟਰਸਾਈਕਲਾਂ ਵੱਲੋਂ ਗਸ਼ਤ ਅਤੇ ਫਲੈਗ ਮਾਰਚ ਕਰਕੇ ਜਾਂਚ ਕੀਤੀ ਗਈ। ਰੇਲਵੇ ਸਟੇਸ਼ਨ ’ਤੇ ਚੈਕਿੰਗ ਪੈਸੈਂਜਰ ਬੈਗਾਂ ਦੀ ਸਕੈਨਿੰਗ, ਰਿਕਾਰਡ ਜਾਂਚ ਕੀਤੀ ਗਈ, ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ, ਅਤੇ ਸਵਾਰੀਆਂ ਦੇ ਬੈਗਾਂ ਦੀ ਜਾਂਚ ਕੀਤੀ। ਜੀਆਰਪੀ ਪੁਲਿਸ ਟੀਮ ਦੇ ਨਾਲ ਮਿਲ ਕੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ ਪੁਸ਼ਟੀ ਕੀਤੀ ਗਈ। ਕਈ ਵਿਅਕਤੀਆਂ ਦੇ ਰਿਕਾਰਡ ਪੈਸ ਐਪ ਰਾਹੀਂ ਤੁਰੰਤ ਵੇਰੀਫਾਈ ਕੀਤੇ ਗਏ ਤਾਂ ਜੋ ਉਨ੍ਹਾਂ ਦੇ ਕਿਸੇ ਕ੍ਰਿਮੀਨਲ ਰਿਕਾਰਡ ਨੂੰ ਜਾਂਚਿਆ ਜਾ ਸਕੇ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰਾਤ ਸਮੇਂ ਸੁਰੱਖਿਆ ਯਕੀਨੀ ਬਣਾਉਣ ਲਈ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬੱਸ ਅੱਡੇ ਦੇ ਨਜ਼ਦੀਕ ਲੰਬੇ ਸਮੇਂ ਤੋਂ ਲਿਵਾਰਸ ਅਵਸਥਾ ’ਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ‘ਵਾਹਨ ਐਪ’ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫਾਈ ਕੀਤਾ ਤੇ ਉਨ੍ਹਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੇਰੀਫਾਈ ਕੀਤਾ ਗਿਆ। ਨਾਲ ਹੀ ਬੱਸਾਂ ’ਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕੀਤਾ ਗਿਆ। ਨਵੀਨਪਾਲ ਸਿੰਘ ਡੀਐਸਪੀ (ਮਲੋਟ) ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ। ਮੁੱਖ ਰੂਟਾਂ, ਕਾਲੋਨੀਆਂ, ਬਜ਼ਾਰਾਂ, ਜਿੱਥੇ ਆਵਾਜਾਈ ਵਧੇਰੇ ਆਉਣ-ਜਾਣ ਰਹਿੰਦੀ ਹੈ ਉਥੇ ਨਾਕੇ ਲਗਾ ਕੇ ਹਰ ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਗਈ। ਡੀਐਸਪੀ ਵੱਲੋਂ ਨਾਈਟ ਡਿਊਟੀ ’ਤੇ ਲੱਗੇ ਸਕਿਉਰਿਟੀ ਗਾਰਡਾਂ ਨਾਲ ਵੀ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਤੋਂ ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਦੇ ਇਲਾਕੇ ‘ਚ ਹੋਈਆਂ ਸ਼ੱਕੀ ਗਤੀਵਿਧੀਆ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਵਧੀਆ ਢੰਗ ਦੇ ਨਾਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸਦੇ ਨਾਲ ਹੀ ਕਈ ਸਥਾਨਾਂ, ਪਾਰਕ, ਰਿਜ਼ੋਰਟ ਆਦਿ ਵਾਲੀਆਂ ਜਗ੍ਹਾ ਦੀ ਵੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ। ਜਿੱਥੇ ਵੀ ਪੁਲਿਸ ਨੂੰ ਕੋਈ ਵਾਹਨ ਜਾਂ ਵਿਅਕਤੀ ਸ਼ੱਕੀ ਲੱਗਾ, ਉੱਥੇ ਉਨ੍ਹਾਂ ਦੇ ਵਾਹਨ ਦੇ ਕਾਗਜ਼, ਡਰਾਇਵਿੰਗ ਲਾਇਸੈਂਸ, ਨੰਬਰ ਪਲੇਟ ਜਾਂ ਵਾਧੂ ਐਕਸੈਸਰੀਜ਼ ਜਾਂਚੀਆਂ ਗਈਆਂ। ਬਿਨਾਂ ਨੰਬਰ, ਡਿੰਮ ਲਾਈਟ, ਮੋਡੀਫਾਈਡ ਸਿਲੈਂਸਰ ਜਾਂ ਹੋਰ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ। ਉੱਥੇ ਹੀ ਪੈਸ ਐਪ ਦੀ ਵਰਤੋਂ ਕਰਕੇ ਜਿਨ੍ਹਾਂ ਵਿਅਕਤੀਆਂ ’ਤੇ ਸ਼ੱਕ ਹੋਇਆ, ਉਨ੍ਹਾਂ ਦਾ ਰਿਕਾਰਡ ਕ੍ਰਿਮੀਨਲ ਡਾਟਾਬੇਸ ਚੈੱਕ ਕੀਤਾ ਗਿਆ। ਐਸਐਸਪੀ ਅਭਿਮੰਨਿਊ ਰਾਣਾ ਨੇ ਇਸ ਮੁਹਿੰਮ ਬਾਰੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਹੇਠ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਮੁੱਖ ਰੱਖਦਿਆਂ ਨਿਰੰਤਰ ਚੈਕਿੰਗ ਹੋ ਰਹੀ ਹੈ, ਜਿਸਦਾ ਉਦੇਸ਼ ਜਨਤਾ ’ਚ ਭਰੋਸਾ ਪੈਦਾ ਕਰਨਾ ਹੈ। ਕਿਸੇ ਵੀ ਸ਼ੱਕੀ ਜਾਂ ਗਲਤ ਤੱਤ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਆਪਣੇ ਇਲਾਕੇ ’ਚ ਕਿਸੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨੂੰ ਦੇਖਦੇ ਹੋ, ਤਾਂ ਬੇਝਿਜਕ ਪੁਲਿਸ ਨਾਲ ਸੰਪਰਕ ਕਰੋ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।