- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕਤਸਰ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ ਔਰਤ ਦੇ ਕਾਤਲ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤੀ ਨੇ ਹੀ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ।

ਭੰਵਰਾ/ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ ਔਰਤ ਦੇ ਕਾਤਲ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤੀ ਨੇ ਹੀ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ। ਇੰਸਪੈਕਟਰ ਜਨਰਲ ਪੁਲਿਸ ਫਰੀਦਕੋਟ ਨਿਲੰਬਰੀ ਜਗਦਲੇ, ਐਸਐਸਪੀ ਅਭਿਮੰਨਿਊ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਮਨਮੀਤ ਸਿੰਘ ਢਿੱਲੋਂ ਐਸਪੀ. (ਡੀ) ਤੇ ਬਚਨ ਸਿੰਘ ਡੀਐੱਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ’ਚ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਪੁਲਿਸ ਨੂੰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਟੈਲੀਫੋਨ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਥਾਂਦੇਵਾਲਾ ਦੇ ਨਜ਼ਦੀਕ ਰਾਜਸਥਾਨ ਫੀਡਰ ਨਹਿਰ ’ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਪਈ ਹੈ। ਇਸ ਉਪਰੰਤ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਗਿਆ ਅਤੇ ਸ਼ਨਾਖਤ ਦੀ ਕਾਰਵਾਈ ਕੀਤੀ ਗਈ। ਜਾਂਚ ਦੌਰਾਨ ਮ੍ਰਿਤਕ ਔਰਤ ਦੀ ਪਛਾਣ ਜਸਪ੍ਰੀਤ ਕੌਰ ਪਤਨੀ ਕੁਲਬੀਰ ਸਿੰਘ ਵਾਸੀ ਵਾਰਡ ਨੰਬਰ 07 ਪਿੰਡ ਥਾਂਦੇਵਾਲਾ, ਹਾਲ ਗਲੀ ਨੰਬਰ 12 ਚੱਕ ਰਾਮ ਨਗਰ ਬਸਤੀ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਤੁਰੰਤ ਤਫਤੀਸ਼ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਸਪ੍ਰੀਤ ਕੌਰ ਦਾ ਪਹਿਲਾ ਵਿਆਹ ਕਿਸੇ ਹੋਰ ਵਿਅਕਤੀ ਨਾਲ ਹੋਇਆ ਸੀ ਅਤੇ ਤਲਾਕ ਤੋਂ ਬਾਅਦ ਮਾਨਯੋਗ ਅਦਾਲਤ ਦੇ ਆਦੇਸ਼ ਅਨੁਸਾਰ ਉਹ ਕੁਲਬੀਰ ਸਿੰਘ ਨਾਲ ਲਿਵ-ਇਨ ਰਿਸ਼ਤੇ ’ਚ ਰਹਿ ਰਹੀ ਸੀ। ਗਹਿਰਾਈ ਨਾਲ ਕੀਤੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੇ ਪਤੀ ਕੁਲਬੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਥਾਂਦੇਵਾਲਾ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ’ਚ ਸੁੱਟਿਆ ਗਿਆ ਸੀ। ਇਸ ਸੰਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ’ਚ ਮੁਕੱਦਮਾ ਨੰਬਰ 65 ਮਿਤੀ 30.03.2026 ਅਧੀਨ ਧਾਰਾਵਾਂ 103, 351(3), 3(5) ਬੀਐਨਐਸ ਤਹਿਤ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸ਼ੁਰੂਆਤੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੁਲਬੀਰ ਸਿੰਘ ਮ੍ਰਿਤਕ ਜਸਪ੍ਰੀਤ ਕੌਰ ਦੇ ਘਰ ਨੂੰ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ ’ਚ ਰੰਜਿਸ਼ ਚੱਲ ਰਹੀ ਸੀ। ਮ੍ਰਿਤਕ ਦੇ ਘਰ ਉਸਦੇ ਨਾਮ ’ਤੇ ਕਰਵਾਉਣ ਤੋਂ ਇਨਕਾਰ ਕਰਨ 'ਤੇ ਦੋਸ਼ੀ ਨੇ ਗੁੱਸੇ ਵਿੱਚ ਆ ਕੇ ਇਹ ਘਿਨੋਣਾ ਅਪਰਾਧ ਨੂੰ ਅੰਜਾਮ ਦਿੱਤਾ। ਗ੍ਰਿਫਤਾਰ ਕੀਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਅਪਰਾਧਾਂ 'ਤੇ ਅੰਕੁਸ਼ ਲਾਇਆ ਜਾ ਸਕੇ।