- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਮੁਲਜ਼ਮ ਦੀ ਭਾਲ ਲਈ ਰਵਾਨਾ ਕੀਤਾ ਗਿਆ। ਮਿਤੀ 05-01-2026 ਨੂੰ ਪੁਲਿਸ ਵੱਲੋਂ ਦੌਰਾਨੇ ਤਲਾਸ਼ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਆਈਪੀਐਸ ਦੀਆਂ ਹਦਾਇਤਾਂ ਤਹਿਤ ਅਤੇ ਹਰਕਮਲ ਕੌਰ ਐਸਪੀ (ਹੈੱਡਕੁਆਰਟਰ) ਅਤੇ ਹਰਬੰਸ ਸਿੰਘ ਡੀਐਸਪੀ ਲੰਬੀ ਦੀ ਦੇਖ-ਰੇਖ ਹੇਠ, ਐੱਸਆਈ ਹਰਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਕਬਰਵਾਲਾ ਅਤੇ ਪੁਲਿਸ ਪਾਰਟੀ ਵੱਲੋਂ ਆਪਣੀ ਹੀ ਧੀ ਦਾ ਕਤਲ ਕਰਨ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਮਿਤੀ 04-01-2026 ਨੂੰ ਪਿੰਡ ਮਿੱਡਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ, ਜਿਸ ਦੌਰਾਨ ਲੜਕੀ ਚਮਨਦੀਪ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਪਿੰਡ ਮਿੱਡਾ ਦਾ ਉਸਦੇ ਘਰ ਅੰਦਰ ਹੀ ਕਹੀ ਦੇ ਵਾਰ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਨਾ ਪ੍ਰਾਪਤ ਹੋਈ। ਇਸ ਘਟਨਾ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਜਸਵਿੰਦਰ ਕੌਰ ਪਤਨੀ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਿੱਡਾ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਕਿ ਲੜਕੀ ਦਾ ਪਿਤਾ, ਜੋ ਕਿ ਉਸਦਾ ਪਤੀ ਹੈ, ਆਪਣੀ ਧੀ ਦੀ ਪੜ੍ਹਾਈ ਅਤੇ ਉਸਦੀ ਅਗਾਹਵਧੂ ਸੋਚ ਨੂੰ ਬਰਦਾਸ਼ਤ ਨਹੀਂ ਕਰਦਾ ਸੀ।
ਇਸੇ ਕਾਰਨ ਮਿਤੀ 04-01-2026 ਨੂੰ ਉਸਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਕਹੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਮਾਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਕਬਰਵਾਲਾ ਵਿਖੇ ਮੁਕੱਦਮਾ ਨੰਬਰ 02 ਮਿਤੀ 04-01-2026 ਅਧੀਨ ਧਾਰਾ 103(1) ਬੀਐਨਐਸ ਤਹਿਤ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਿੱਡਾ ਦੇ ਖ਼ਿਲਾਫ਼ ਦਰਜ ਕੀਤਾ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਮੁਲਜ਼ਮ ਦੀ ਭਾਲ ਲਈ ਰਵਾਨਾ ਕੀਤਾ ਗਿਆ। ਮਿਤੀ 05-01-2026 ਨੂੰ ਪੁਲਿਸ ਵੱਲੋਂ ਦੌਰਾਨੇ ਤਲਾਸ਼ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤੀ ਕਹੀ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕਾਨੂੰਨ ਅਨੁਸਾਰ ਜਾਰੀ ਹੈ।