- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਲੰਬੀ ਥਾਣਾ ਖੇਤਰ ’ਚ ਪੁਲਿਸ ਟੀਮ ’ਤੇ ਜਾਨਲੇਵਾ ਹਮਲਾ ਕਰਕੇ ਐੱਨਡੀਪੀਐੱਸ ਐਕਟ ਕੇਸ ਦੇ ਭਗੌੜੇ ਮੁਲਜ਼ਮ ਨੂੰ ਉਸ ਦੇ ਰਿਸ਼ਤੇਦਾਰਾਂ ਅਤੇ ਹੋਰਨਾਂ ਸਾਥੀਆਂ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਜ਼ਬਰਦਸਤੀ ਛੁਡਵਾ ਕੇ ਭਜਾ ਦਿੱਤਾ। ਇਹ ਘਟਨਾ ਪਿੰਡ ਤਰਮਾਲਾ ਦੀ ਹੈ, ਜਿੱਥੇ ਪੁਲਿਸ ਟੀਮ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਪਹੁੰਚੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਜ਼ਿਲ੍ਹੇ ਦੇ ਲੰਬੀ ਥਾਣਾ ਖੇਤਰ ’ਚ ਪੁਲਿਸ ਟੀਮ ’ਤੇ ਜਾਨਲੇਵਾ ਹਮਲਾ ਕਰਕੇ ਐੱਨਡੀਪੀਐੱਸ ਐਕਟ ਕੇਸ ਦੇ ਭਗੌੜੇ ਮੁਲਜ਼ਮ ਨੂੰ ਉਸ ਦੇ ਰਿਸ਼ਤੇਦਾਰਾਂ ਅਤੇ ਹੋਰਨਾਂ ਸਾਥੀਆਂ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਜ਼ਬਰਦਸਤੀ ਛੁਡਵਾ ਕੇ ਭਜਾ ਦਿੱਤਾ। ਇਹ ਘਟਨਾ ਪਿੰਡ ਤਰਮਾਲਾ ਦੀ ਹੈ, ਜਿੱਥੇ ਪੁਲਿਸ ਟੀਮ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਪਹੁੰਚੀ ਸੀ।
ਸੀਨੀਅਰ ਸਿਪਾਹੀ ਹਰਦੀਪ ਸਿੰਘ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ 26 ਜੁਲਾਈ 2023 ਨੂੰ ਐੱਨਡੀਪੀਐੱਸ ਐਕਟ ਕੇਸ ’ਚ ਨਾਮਜ਼ਦ ਅਤੇ ਅਦਾਲਤ ਵੱਲੋਂ ਭਗੌੜਾ ਐਲਾਨਿਆ ਕੁਲਜਿੰਦਰ ਸਿੰਘ ਉਰਫ਼ ਗੁੰਦੀ ਆਪਣੇ ਮਾਮੇ ਦੇ ਘਰ ਪਿੰਡ ਤਰਮਾਲਾ ਆਇਆ ਹੋਇਆ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਪਿੰਡ ’ਚ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਜਦੋਂ ਉਸ ਨੂੰ ਸਰਕਾਰੀ ਗੱਡੀ ’ਚ ਬਿਠਾਉਣ ਲੱਗੀ, ਉਦੋਂ ਹੀ ਉਸ ਦੇ ਰਿਸ਼ਤੇਦਾਰਾਂ ਅਤੇ ਹੋਰ ਸਾਥੀਆਂ ਨੇ ਟੀਮ ਨੂੰ ਘੇਰ ਲਿਆ। ਬਿਆਨ ਅਨੁਸਾਰ, ਧਰਮਪ੍ਰੀਤ ਸਿੰਘ ਉਰਫ਼ ਕਾਲੀ ਅਤੇ ਉਸ ਦੇ ਸਾਥੀਆਂ ਨੇ ਅਚਾਨਕ ਪੁਲਿਸ 'ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ, ਵਰਦੀ ਦੇ ਮੋਢਿਆਂ ਦੇ ਬੈਜ (ਸ਼ੋਲਡਰ) ਪਾੜ ਦਿੱਤੇ ਅਤੇ ਬਟਨ ਤੋੜ ਦਿੱਤੇ। ਸਰਕਾਰੀ ਡਿਊਟੀ ’ਚ ਵਿਘਨ ਪਾਉਂਦੇ ਹੋਏ ਹਮਲਾਵਰਾਂ ਨੇ ਅਫ਼ਰਾ-ਤਫ਼ੜੀ ਦਾ ਮਾਹੌਲ ਬਣਾ ਦਿੱਤਾ। ਇਸੇ ਦਾ ਫ਼ਾਇਦਾ ਉਠਾ ਕੇ ਹਮਲਾਵਰ ਭਗੌੜੇ ਕੁਲਜਿੰਦਰ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਵਾ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਲੰਬੀ ਥਾਣਾ ਪੁਲਿਸ ਨੇ ਤੁਰੰਤ ਸਖ਼ਤ ਕਾਰਵਾਈ ਕੀਤੀ। ਪੁਲਿਸ ਨੇ ਕੁੱਲ ਸੱਤ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਪੰਜ ਨਾਮਜ਼ਦ ਅਤੇ ਦੋ ਅਣਪਛਾਤੇ ਹਨ।
ਮਾਮਲੇ ’ਚ ਧਰਮਪ੍ਰੀਤ ਸਿੰਘ, ਮਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਅਤੇ ਭਜਨਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ (ਸਾਰੇ ਨਿਵਾਸੀ ਤਰਮਾਲਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਮੁੱਖ ਮੁਲਜ਼ਮ ਕੁਲਜਿੰਦਰ ਸਿੰਘ ਉਰਫ਼ ਗੁੰਦੀ ਦੇ ਨਾਲ ਗੁਲਜਿੰਦਰ ਸਿੰਘ, ਸੁਖਜੀਤ ਕੌਰ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜਾਂਚ ਅਧਿਕਾਰੀ ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਪੁਲਿਸ 'ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁਲਜ਼ਮਾਂ 'ਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।