Muktsar News : ਖੇਤ 'ਚੋਂ ਮਿਲੀ ਬਜ਼ੁਰਗ ਵਿਧਵਾ ਦੀ ਲਾਸ਼, ਚੁੰਨੀ ਨਾਲ ਗਲ਼ਾ ਘੁੱਟ ਕੇ ਕਤਲ ਦਾ ਸ਼ੱਕ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਲੰਬੀ ਦੇ ਲਾਲਬਾਈ ਪਿੰਡ ’ਚ ਇੱਕ ਬਜ਼ੁਰਗ ਵਿਧਵਾ ਔਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਸਵੇਰੇ 11 ਵਜੇ ਖੇਤਾਂ ’ਚ ਪਈ ਮਿਲੀ। ਕਤਲ ਕਿਸਨੇ ਕੀਤਾ ਇਸਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Publish Date: Mon, 09 Mar 2026 06:55 PM (IST)
Updated Date: Mon, 09 Mar 2026 06:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ: ਲੰਬੀ ਦੇ ਲਾਲਬਾਈ ਪਿੰਡ ’ਚ ਇੱਕ ਬਜ਼ੁਰਗ ਵਿਧਵਾ ਔਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਸਵੇਰੇ 11 ਵਜੇ ਖੇਤਾਂ ’ਚ ਪਈ ਮਿਲੀ। ਕਤਲ ਕਿਸਨੇ ਕੀਤਾ ਇਸਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਲੰਬੀ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਸਵੀਰ ਕੌਰ (60) ਵਜੋਂ ਹੋਈ ਹੈ, ਜੋ ਕਿ ਪਿੰਡ ਲਾਲਬਾਈ ਦੀ ਰਹਿਣ ਵਾਲੀ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸਦੀ ਮਾਂ ਘਰਾਂ ਵਿੱਚ ਕੰਮ ਕਰਦੀ ਸੀ। ਉਹ ਐਤਵਾਰ ਸ਼ਾਮ ਕਰੀਬ 6 ਵਜੇ ਦੇ ਜਾਨਵਰਾਂ ਨੂੰ ਚੌਲ ਖੁਆਉਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ। ਅਸੀਂ ਉਸਦੀ ਸਾਰੀ ਰਾਤ ਭਾਲ ਕੀਤੀ ਪਰ ਉਹ ਨਹੀਂ ਮਿਲੀ।
ਉਸਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ, ਇੱਕ ਪਿੰਡ ਵਾਸੀ ਨੂੰ ਇੱਕ ਔਰਤ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉਹ ਲਾਸ਼ ਉਸਦੀ ਮਾਂ ਦੀ ਸੀ। ਉਸਨੇ ਦੱਸਿਆ ਕਿ ਕਿਸੇ ਨੇ ਉਸਨੂੰ ਮਾਰ ਦਿੱਤਾ ਸੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਇੱਕ ਗਰੀਬ ਪਰਿਵਾਰ ਹਾਂ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ।
ਓਧਰ ਸੂਚਨਾ ਮਿਲਣ ਤੇ ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪੁੱਜੇ ਡੀਐਸਪੀ ਲੰਬੀ ਹਰਬੰਸ ਸਿੰਘ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਜ਼ੁਰਗ ਔਰਤ ਦਾ ਉਸਦੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ। ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਹੈ। ਦੋਸ਼ੀ ਦੀ ਜਲਦੀ ਹੀ ਪਛਾਣ ਕੀਤੀ ਜਾਵੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।