- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਦੀ ਕਾਨਫਰੰਸ ’ਚ ਭੀੜ ਇਕੱਠੀ ਕਰਨ ਲਈ ਸਾਰੀਆਂ ਰੋਡਵੇਜ਼ ਬੱਸਾਂ ਆਈਆਂ ਹਨ ਪਰ ਆਪ ਦੀ ਕਾਨਫਰੰਸ ’ਚ ਢਾਈ ਹਜ਼ਾਰ ਤੋਂ ਵੱਧ ਲੋਕ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਨਫਰੰਸ ਦਾ ਸਾਰਾ ਖਰਚਾ ਟੈਂਟ, ਤੰਬੂ ਤੇ ਲੰਗਰ ਦਾ ਖਰਚਾ ਸਰਕਾਰੀ ਹੋਵੇਗਾ।

ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੂਬੇ ’ਚ ਕਈ ਮੁੱਖ ਮੰਤਰੀ ਸੱਤਾ ’ਚ ਆਏ ਪਰ ਕਿਸੇ ਨੇ ਵੀ ਕੋਈ ਵਿਕਾਸ ਨਹੀਂ ਕੀਤਾ। ਲੋਕ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਤੇ ਗਾਰੰਟੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਅਜਿਹੇ ਫੈਸਲੇ ਲੈ ਲੈਂਦੇ ਨੇ ਜਿਨ੍ਹਾਂ ਦਾ ਬਾਅਦ ’ਚ ਪਛਤਾਵਾ ਕਰਨਾ ਪੈਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇੱਥੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਮਾਘੀ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ।
ਕੇਜਰੀਵਾਲ ਦਾ ਚਾਰ ਸਾਲ ਪੁਰਾਣਾ ਚੋਣ ਮੈਨੀਫੈਸਟੋ ਦਿਖਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਨੇ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਨੌਕਰੀਆਂ ਕਿੱਥੇ ਗਈਆਂ? ਸਿਰਫ਼ 20-25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਜਿਨ੍ਹਾਂ ’ਚੋਂ ਅੱਧੀਆਂ ਯੂਪੀ, ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ’ਤੇ ‘ਆਪ’ ਅਤੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ, ਪੈਨਸ਼ਨਾਂ ਵਧਾ ਕੇ 2,500 ਰੁਪਏ ਕਰਨ, ਜ਼ਿਲ੍ਹੇ ’ਚ ਮੈਡੀਕਲ ਕਾਲਜ ਖੋਲ੍ਹਣ ਅਤੇ ਸਿੱਖਿਆ ਪ੍ਰਣਾਲੀ ਦੇ ਅੰਦਰ ਨਵੇਂ ਸਕੂਲ ਬਣਾਉਣ ਦੇ ਆਪ ਸਰਕਾਰ ਦੇ ਵਾਅਦਿਆਂ ਦੀ ਹਵਾ ਨਿਕਲ ਗਈ ਹੈ। ਚਾਰ ਸਾਲ ਬੀਤ ਗਏ ਹਨ ਤੇ ਆਪ ਸਰਕਾਰ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ। ਅੰਗਰੇਜ਼ਾਂ ਤੇ ਮੁਗਲਾਂ ਵਾਂਗ ਇਹ ਪੰਜਾਬ ਨੂੰ ਲੁੱਟ ਰਹੇ ਹਨ। ਹੁਣ, ਉਹ ਦੂਜੇ ਰਾਜਾਂ ’ਚ ਪੰਜਾਬ ਦੀਆਂ ਫੋਟੋਆਂ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਪੰਜਾਬ ’ਚ ਇਹ ਵਿਕਾਸ ਕੀਤਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਦੀ ਕਾਨਫਰੰਸ ’ਚ ਭੀੜ ਇਕੱਠੀ ਕਰਨ ਲਈ ਸਾਰੀਆਂ ਰੋਡਵੇਜ਼ ਬੱਸਾਂ ਆਈਆਂ ਹਨ ਪਰ ਆਪ ਦੀ ਕਾਨਫਰੰਸ ’ਚ ਢਾਈ ਹਜ਼ਾਰ ਤੋਂ ਵੱਧ ਲੋਕ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਨਫਰੰਸ ਦਾ ਸਾਰਾ ਖਰਚਾ ਟੈਂਟ, ਤੰਬੂ ਤੇ ਲੰਗਰ ਦਾ ਖਰਚਾ ਸਰਕਾਰੀ ਹੋਵੇਗਾ। ਅਰਵਿੰਦ ਕੇਜਰੀਵਾਲ ’ਤੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਵੀ ਕੇਜਰੀਵਾਲ ਨੂੰ ਕਿਤੇ ਵੀ ਯਾਤਰਾ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਪੰਜਾਬ ਸਰਕਾਰ ਜਹਾਜ਼ ਕਿਰਾਏ ’ਤੇ ਲੈਂਦੀ ਹੈ। ਪੰਜਾਬ ਸਰਕਾਰ ਕੇਜਰੀਵਾਲ ਦੇ ਖਰਚੇ ਪੂਰੇ ਕਰ ਰਹੀ ਹੈ। ਸਰਕਾਰ ਨੇ ਮੋਹਾਲੀ ’ਚ ਕੇਜਰੀਵਾਲ ਲਈ ਇੱਕ ਕੋਠੀ ਬਣਾਉਣ ਲਈ 15 ਤੋਂ 20 ਕਰੋੜ ਰੁਪਏ ਖਰਚ ਕੀਤੇ। ਕੇਜਰੀਵਾਲ ਪੰਜਾਬ ’ਚ ਸਰਕਾਰ ਚਲਾ ਰਿਹਾ ਹੈ। ਸਾਰੇ ਅਧਿਕਾਰੀਆਂ ਦੀਆਂ ਬਦਲੀਆਂ ਕੇਜਰੀਵਾਲ ਦੇ ਦਿੱਲੀ ਦਫ਼ਤਰ ਤੋਂ ਕੀਤੀਆਂ ਜਾਂਦੀਆਂ ਹਨ। ਦਿੱਲੀ ਸ਼ਰਾਬ ਘੁਟਾਲੇ ਵਾਂਗ, ਪੰਜਾਬ ’ਚ ਅਰਬਾਂ ਰੁਪਏ ਦਾ ਸ਼ਰਾਬ ਘੁਟਾਲਾ ਹੋ ਰਿਹਾ ਹੈ।
ਬੇਅਦਬੀ ਦੇ ਮੁੱਦੇ ’ਤੇ ਸੁਖਬੀਰ ਨੇ ਕਿਹਾ ਕਿ ਬੇਅਦਬੀ ਕੋਈ ਅਕਾਲੀ ਸਰਕਾਰ ਕਰਵਾਏਗੀ! ਹਰ ਅਕਾਲੀ ਦੇ ਘਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ’ਚ ਕਦੇ ਪ੍ਰਕਾਸ਼ ਦੇਖਿਆ ਹੈ? ਇਹ ਬਹੁਤ ਖਤਰਨਾਕ ਲੋਕ ਹਨ। ਇਹ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਨੇ ਕਿਹਾ, ਜਿਹੜਾ ਵਿਅਕਤੀ 12X5 ਨਹੀਂ ਜਾਣਦਾ, ਉਹ ਸਰਕਾਰ ਕੀ ਚਲਾਵੇਗਾ? ਇਸ ਮੌਕੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਅਕਾਲੀ ਆਗੂ ਐੱਨਕੇ ਸ਼ਰਮਾ, ਜਨਮੇਜਾ ਸਿੰਘ ਸੇਖੋਂ, ਬੌਬੀ ਮਾਨ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਜਗਜੀਤ ਸਿੰਘ ਹਨੀ ਫੱਤਣਵਾਲਾ, ਮਨਜਿੰਦਰ ਸਿੰਘ ਬਿੱਟੂ ਨੇ ਵੀ ਸੰਬੋਧਨ ਕੀਤਾ।