ਮੁਕਤਸਰ ’ਚ ਪੁਰਾਣੀ ਦਾਣਾ ਮੰਡੀ ਨੇੜੇ ਬਾਂਦਰਾਂ ਨੇ ਦੋ ਔਰਤਾਂ ਨੂੰ ਕੀਤਾ ਜਖ਼ਮੀ
ਮੁਕਤਸਰ ’ਚ ਪੁਰਾਣੀ ਦਾਣਾ ਮੰਡੀ ਨੇੜੇ ਬਾਂਦਰਾਂ ਨੇ ਦੋ ਔਰਤਾਂ ਨੂੰ ਕੀਤਾ ਜਖ਼ਮੀ
Publish Date: Fri, 27 Feb 2026 03:25 PM (IST)
Updated Date: Fri, 27 Feb 2026 03:28 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੀ ਪੁਰਾਣੀ ਦਾਣਾ ਮੰਡੀ ਅਤੇ ਬਜ਼ਾਰਾਂ ’ਚ ਪਿਛਲੇ ਕੁਝ ਦਿਨਾਂ ਤੋਂ ਦਾਖਲ ਹੋਏ ਬਾਂਦਰਾਂ ਨੇ ਕਹਿਰ ਮਚਾਇਆ ਹੋਇਆ ਹੈ। ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਨੇੜੇ ਬਾਂਦਰਾਂ ਨੇ ਦੋ ਔਰਤਾਂ ਨੂੰ ਜਖ਼ਮੀ ਕਰ ਦਿੱਤਾ। ਬਾਂਦਰਾਂ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਬਾਂਦਰਾਂ ਵੱਲੋਂ ਦੋ ਔਰਤਾਂ ਨੂੰ ਕੱਟਣ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਪੁਰਾਣੀ ਦਾਣਾ ਮੰਡੀ ਨੇੜੇ ਰਹਿੰਦੀ ਇਕ ਔਰਤ ਮੱਧੂ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਹੋ ਗਏ ਬਾਂਦਰ ਇੱਥੇ ਹੀ ਘੁੰਮਦੇ ਨਜ਼ਰ ਆਉਂਦੇ ਹਨ ਮੈਨੂੰ ਬਾਂਦਰ ਵੱਲੋਂ ਕੱਟ ਦਿੱਤਾ ਹੈ। ਇੱਕ ਬਜ਼ੁਰਗ ਬੀਬੀ ਨੂੰ ਵੀ ਕੱਟਿਆ ਤੇ ਬਜ਼ੁਰਗ ਦਾ ਕਹਿਣਾ ਸੀ ਕਿ ਬਾਂਦਰ ਕਾਰਨ ਸਾਨੂੰ ਕਾਫ਼ੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਉਸਨੇ ਦੱਸਿਆ ਕਿ ਮੇਰੇ ਹੱਥ ’ਤੇ ਬਾਂਦਰ ਵੱਲੋਂ ਝਪਟ ਮਾਰ ਕੇ ਜਖਮੀ ਕਰ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਬਾਂਦਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ। ਓਧਰ ਬਾਂਦਰਾਂ ਦੇ ਡਰ ਕਾਰਨ ਮੁਹੱਲੇ ਦੇ ਲੋਕਾਂ ਨੂੰ ਮਜਬੂਰਨ ਡਾਂਗਾ ਲੈ ਕੇ ਘੁੰਮਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਬਾਂਦਰ ਆਏ ਹੋਏ ਹਨ ਇਸ ਕਾਰਨ ਅਸੀਂ ਡਾਂਗਾ ਲੈ ਕੇ ਆਏ ਹਾਂ ਕਿ ਬਾਂਦਰ ਕਿਸੇ ਹੋਰ ਨੂੰ ਨਾ ਕੱਟਣ।