ਬੰਬ ਧਮਾਕਾ ਵਰਗੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਸਬੰਧੀ ਮੌਕ ਡਰਿੱਲ
ਐਸਐਸਪੀ ਦੀ ਨਿਗਰਾਨੀ ਹੇਠ ਬੰਬ ਧਮਾਕਾ ਵਰਗੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਦਾ ਆਯੋਜਨ
Publish Date: Fri, 05 Jun 2026 06:37 PM (IST)
Updated Date: Fri, 05 Jun 2026 06:38 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਹੋਰ ਸਬੰਧਤ ਵਿਭਾਗਾਂ ਦੀ ਤਿਆਰੀ ਨੂੰ ਪਰਖਣ ਦੇ ਮੰਤਵ ਨਾਲ ਅੱਜ ਪੁਲਿਸ ਲਾਈਨਜ਼, ਸ੍ਰੀ ਮੁਕਤਸਰ ਸਾਹਿਬ ਵਿਖੇ ਦੁਪਹਿਰ 3:25 ਵਜੇ ਇੱਕ ਵਿਸ਼ੇਸ਼ ਮੌਕ ਡਰਿੱਲ ਕਰਵਾਈ ਗਈ। ਇਹ ਮੌਕ ਡਰਿੱਲ ਅਭਿਮੰਨਿਊ ਰਾਣਾ, ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐਸਪੀ (ਡੀ), ਡਿਊਟੀ ਮੈਜਿਸਟਰੇਟ ਮਿਸ ਅਰਸ਼ਪ੍ਰੀਤ ਕੌਰ, ਬਚਨ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਸਮੇਤ ਪੁਲਿਸ ਵਿਭਾਗ ਅਤੇ ਹੋਰ ਸਬੰਧਤ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਮੌਕ ਡਰਿੱਲ ਦੌਰਾਨ ਇੱਕ ਕਾਲਪਨਿਕ ਦ੍ਰਿਸ਼ ਤਿਆਰ ਕੀਤਾ ਗਿਆ, ਜਿਸ ਵਿੱਚ 04 ਸ਼ੱਕੀ ਵਿਅਕਤੀ 02 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪੁਲਿਸ ਲਾਈਨਜ਼ ਖੇਤਰ ਵਿੱਚ ਬੰਬ ਸੁੱਟਦੇ ਹਨ। ਇਸ ਦੌਰਾਨ ਇੱਕ ਬੰਬ ਨੂੰ ਧਮਾਕੇ ਰਾਹੀਂ ਐਕਟੀਵੇਟ ਕੀਤਾ ਗਿਆ ਜਦਕਿ ਦੂਜਾ ਡੰਮੀ ਬੰਬ ਡਿਸਪੋਜ਼ਲ ਟੀਮ ਦੀ ਕਾਰਗੁਜ਼ਾਰੀ ਦੀ ਜਾਂਚ ਲਈ ਮੌਕੇ ਤੇ ਰੱਖਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਕੰਟਰੋਲ ਰੂਮ ਵੱਲੋਂ ਤੁਰੰਤ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰਦੇ ਹੋਏ ਜ਼ਿਲ੍ਹਾ ਪੱਧਰ ਤੇ ਰੈੱਡ ਅਲਰਟ ਜਾਰੀ ਕੀਤਾ ਗਿਆ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਰਣਨੀਤਕ ਸਥਾਨਾਂ ਤੇ 38 ਨਾਕੇ ਸਥਾਪਿਤ ਕੀਤੇ ਗਏ, ਜਿਸ ਨਾਲ ਖੇਤਰ ਦੀ ਘੇਰਾਬੰਦੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ। ਮੋਟਰਸਾਈਕਲਾਂ ਤੇ ਸਵਾਰ ਵਿਅਕਤੀਆਂ ਨੂੰ ਰੋਕਣ ਅਤੇ ਉਨ੍ਹਾਂ ਦੀ ਭਾਲ ਲਈ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਇਸਦੇ ਨਾਲ ਹੀ ਐਂਬੂਲੈਂਸ ਸੇਵਾ, ਫਾਇਰ ਬ੍ਰਿਗੇਡ, ਬੰਬ ਡਿਸਪੋਜ਼ਲ ਟੀਮ, ਫੋਰੈਂਸਿਕ ਟੀਮ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਡਿਊਟੀ ਮੈਜਿਸਟਰੇਟ ਨੂੰ ਸੂਚਿਤ ਕੀਤਾ ਗਿਆ। ਸਾਰੀਆਂ ਟੀਮਾਂ ਨਿਰਧਾਰਿਤ ਸਮੇਂ ਅੰਦਰ ਮੌਕੇ ਤੇ ਪਹੁੰਚ ਗਈਆਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਮੈਡੀਕਲ ਟੀਮਾਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਗਈ, ਫਾਇਰ ਬ੍ਰਿਗੇਡ ਵੱਲੋਂ ਬਚਾਅ ਅਤੇ ਸੁਰੱਖਿਆ ਕਾਰਵਾਈਆਂ ਕੀਤੀਆਂ ਗਈਆਂ, ਜਦਕਿ ਬੰਬ ਡਿਸਪੋਜ਼ਲ ਟੀਮ ਦਸਤੇ ਨੇ ਡੰਮੀ ਵਿਸਫੋਟਕ ਨੂੰ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕੀਤਾ। ਇਸ ਮੌਕ ਡਰਿੱਲ ਦੌਰਾਨ ਪੁਲਿਸ ਅਲਾਰਮ ਸਿਸਟਮ, ਵਾਇਰਲੈੱਸ ਸੰਚਾਰ ਪ੍ਰਣਾਲੀ, ਕੰਟਰੋਲ ਰੂਮ ਦੀ ਕਾਰਗੁਜ਼ਾਰੀ, ਪੀ.ਸੀ.ਆਰ. ਰਿਸਪਾਂਸ ਟਾਈਮ ਅਤੇ ਵੱਖ-ਵੱਖ ਏਜੰਸੀਆਂ ਵਿਚਾਲੇ ਤਾਲਮੇਲ ਦੀ ਵੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਸੀਨੀਅਰ ਅਧਿਕਾਰੀਆਂ ਵੱਲੋਂ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਕਰਦਿਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਅਤੇ ਜਵਾਬੀ ਕਾਰਵਾਈ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਗਿਆ। ਮੌਕ ਡਰਿੱਲ ਸਫਲਤਾਪੂਰਵਕ ਕੇਵਲ 22 ਮਿੰਟਾਂ ਦੇ ਅੰਦਰ ਸੰਪੰਨ ਹੋਈ। ਇਸ ਦੌਰਾਨ ਪੁਲਿਸ ਵਿਭਾਗ, ਸਿਹਤ ਵਿਭਾਗ, ਫਾਇਰ ਸਰਵਿਸਿਜ਼, ਬੰਬ ਨਿਰੋਧਕ ਦਸਤੇ ਅਤੇ ਹੋਰ ਸਹਾਇਕ ਏਜੰਸੀਆਂ ਵੱਲੋਂ ਸ਼ਾਨਦਾਰ ਤਾਲਮੇਲ, ਪੇਸ਼ੇਵਰ ਯੋਗਤਾ ਅਤੇ ਤੁਰੰਤ ਕਾਰਵਾਈ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਅਭਿਆਸ ਨੇ ਇਹ ਸਾਬਤ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਕਿਸੇ ਵੀ ਸੰਭਾਵਿਤ ਸੁਰੱਖਿਆ ਖ਼ਤਰੇ ਜਾਂ ਐਮਰਜੈਂਸੀ ਸਥਿਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹਨ। ਬੰਬ ਡਿਸਪੋਜ਼ਲ ਟੀਮ ਵੱਲੋਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਬੰਬ ਸੰਬੰਧੀ ਐਮਰਜੈਂਸੀ ਹਾਲਾਤਾਂ ਦੌਰਾਨ ਅਪਣਾਈ ਜਾਣ ਵਾਲੀਆਂ ਸੁਰੱਖਿਆ ਪ੍ਰਕਿਰਿਆਵਾਂ ਅਤੇ ਲੋੜੀਂਦੇ ਰਜਿਸਟਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟੀਮ ਵੱਲੋਂ ਮੁਲਾਜ਼ਮਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕ ਡਰਿੱਲ ਨੇ ਨਾ ਸਿਰਫ਼ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ, ਸਗੋਂ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੌਰਾਨ ਪ੍ਰਭਾਵਸ਼ਾਲੀ ਅਤੇ ਤੇਜ਼ ਜਵਾਬੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਅਹਿਮ ਤਜਰਬਾ ਵੀ ਪ੍ਰਦਾਨ ਕੀਤਾ।