ਸੂਬਾ ਪੱਧਰੀ ‘ਸਾਮਰਾਜ ਵਿਰੋਧੀ ਕਾਨਫਰੰਸ’ ਦੀ ਤਿਆਰੀ ਸਬੰਧੀ ਕੀਤੀ ਲਾਮਬੰਦੀ
ਸੂਬਾ ਪੱਧਰੀ ‘ਸਾਮਰਾਜ ਵਿਰੋਧੀ ਕਾਨਫਰੰਸ’ ਦੀ ਤਿਆਰੀ ਸਬੰਧੀ ਕੀਤੀ ਲਾਮਬੰਦੀ
Publish Date: Sat, 21 Mar 2026 04:29 PM (IST)
Updated Date: Sat, 21 Mar 2026 04:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਦੇ ਸੱਦੇ ਤਹਿਤ 23 ਮਾਰਚ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਸੂਬਾ ਪੱਧਰੀ ‘ਸਾਮਰਾਜ ਵਿਰੋਧੀ ਕਾਨਫਰੰਸ’ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਭੁੱਟੀਵਾਲਾ ’ਚ ਮੀਟਿੰਗ ਕੀਤੀ। ਜ਼ਿਲ੍ਹਾ ਖਜਾਨਚੀ ਬਾਜ ਸਿੰਘ ਭੁੱਟੀ ਵਾਲਾ ਨੇ ਆਖਿਆ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਵੱਲੋਂ ਦੇਸ਼ ਦੇ ਵਿੱਚੋਂ ਸਾਮਰਾਜੀ ਲੁੱਟ ਤੇ ਦਾਬੇ ਸਮੇਤ ਹਰ ਕਿਸਮ ਦੇ ਲੁੱਟ ਜਬਰ ਤੋਂ ਮੁਕਤ ਨਿਜ਼ਾਮ ਸਿਰਜਣ ਦੇ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ ਗਈ ਸੀ, ਪਰ ਅੱਜ ਦੇਸ਼ ਦੀ ਕੇਂਦਰੀ ਸਤਾ ’ਤੇ ਕਾਬਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਅਮਰੀਕਨ ਸਾਮਰਾਜ ਸਮੇਤ ਵੱਖ ਵੱਖ ਸਾਮਰਾਜੀ ਤਾਕਤਾਂ ਦੇ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ ਤੇ ਸਮੂਹ ਕਿਰਤੀ ਲੋਕਾਂ ਦੀ ਵੁੱਕਤ ਤੇ ਪੁੱਗਤ ਦੇ ਲਈ 23 ਮਾਰਚ ਦੇ ਸ਼ਹੀਦਾਂ ਦੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਅਹਿਮ ਸੰਦੇਸ਼ ਦੇਵੇਗੀ। ਇਸ ਸਮੇਂ ਭੋਲਾ ਸਿੰਘ, ਜਸਵੀਰ ਸਿੰਘ, ਨਰ ਸਿੰਘ ਗੁਰਮੇਲ ਕੌਰ, ਕਰਮਜੀਤ ਕੌਰ ਆਦਿ ਸ਼ਾਮਿਲ ਸਨ।