6 ਦੇ ਬਠਿੰਡਾ ਮੁਜ਼ਾਹਰੇ ਸਬੰਧੀ ਪਿੰਡਾਂ ’ਚ ਲਾਮਬੰਦੀ ਸ਼ੁਰੂ
ਜਿਉਂਦ ਜ਼ਬਰ ਖਿਲਾਫ 6 ਮਾਰਚ ਨੂੰ ਬਠਿੰਡਾ ਵਿਖੇ ਮੁਜ਼ਾਹਰੇ ਸਬੰਧੀ ਪਿੰਡਾਂ ’ਚ ਲਾਮਬੰਦੀ ਸ਼ੁਰੂ
Publish Date: Sun, 01 Mar 2026 04:29 PM (IST)
Updated Date: Sun, 01 Mar 2026 04:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਇਕੱਠ ਉੱਤੇ 18 ਫਰਵਰੀ ਨੂੰ ਪੁਲਿਸ ਵੱਲੋਂ ਕੀਤੇ ਅੰਨ੍ਹੇ ਜਬਰ ਖਿਲਾਫ ਦਰਜਨਾਂ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਅੱਜ ਖੁੰਡੇ ਹਲਾਲ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਕਾ ਸਿੰਘ ਖੁੰਡੇ ਹਲਾਲ ਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ 18 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਢਾਹੇ ਜ਼ਬਰ ਲਈ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਜਨਤਕ ਮੁਆਫ਼ੀ ਮੰਗਣ ਤੋਂ ਇਲਾਵਾ ਬਠਿੰਡਾ ਐਸਐਸਪੀ ਨੂੰ ਤੁਰੰਤ ਬਰਖਾਸਤ ਕਰਕੇ ਪੀੜਤਾਂ ’ਤੇ ਦਰਜ਼ ਹੋਏ ਬਿਆਨਾਂ ’ਚ ਦਰਜ਼ ਐਸਐਸਪੀ ਸਮੇਤ ਸਾਰੇ ਦੋਸ਼ੀਆਂ ’ਤੇ ਇਰਾਦਾ ਕਤਲ ਅਤੇ ਅਗਵਾ ਕਰਨ ਵਰਗੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਵਿਦੇਸ਼ੀ ਧਾੜਵੀਆਂ ਵਾਂਗ ਸਮੁੱਚੇ ਪਿੰਡ ਦੇ ਮਜ਼ਦੂਰਾਂ ਕਿਸਾਨਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਬੇਜ਼ੁਬਾਨ ਜਾਨਵਰਾਂ ਉੱਤੇ ਸਬਕ ਸਿਖਾਉਣ ਦੇ ਇਰਾਦੇ ਨਾਲ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਆਖਿਆ ਕਿ ਇਸ ਹਮਲੇ ਦਾ ਨਿਸ਼ਾਨਾ ਪਿੰਡ ਜਿਉਂਦ ਵਿਖੇ ਮੁਜਾਰੇ ਕਿਸਾਨਾਂ ਨੂੰ ਸੈਂਕੜੇ ਏਕੜ ਜ਼ਮੀਨ ਤੋਂ ਉਜਾੜ ਕੇ ਪੰਜਾਬ ਦੇ ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਖੋਹਣ ਤੋਂ ਇਲਾਵਾ ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਲਈ ਰਾਹ ਪੱਧਰਾ ਕਰਨਾ ਹੈ ਜਿਸਨੂੰ ਕਦਾਚਿੱਤ ਬਰਦਾਸ਼ਤ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ, ਮੁਲਾਜ਼ਮਾਂ , ਬੇਰੁਜ਼ਗਾਰਾਂ ਤੇ ਔਰਤਾਂ ਸਮੇਤ ਸਭਨਾਂ ਸੰਘਰਸ਼ਸ਼ੀਲ ਲੋਕਾਂ ਤੇ ਆਏ ਦਿਨ ਜਬਰ ਢਾਹ ਰਹੀ ਹੈ। ਪੰਜਾਬ ਚ ਆਏ ਦਿਨ ਨੰਗੇ ਚਿੱਟੇ ਰੂਪ ਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਅਤੇ ਨੌਜਵਾਨਾਂ ਦੀਆਂ ਲੱਤਾਂ ਚ ਗੋਲੀਆਂ ਮਾਰਨ ਤੋਂ ਇਲਾਵਾ ਲੋਕਾਂ ਦੇ ਘਰਾਂ ਉੱਤੇ ਬਲਡੋਜਰ ਚਲਾਉਣ ਰਾਹੀਂ ਪੰਜਾਬ ਨੂੰ ਪੁਲਿਸ ਰਾਜ਼ ਵਿੱਚ ਬਦਲਿਆ ਜਾ ਰਿਹਾ ਹੈ । ਇਸ ਮੌਕੇ ਲੋਕਾਂ ਨੂੰ ਆਪਣੇ ਵਿਚਾਰ ਪ੍ਗਟ ਕਰਨ ,ਇਕੱਠੇ ਹੋਣ ਦੇ ਜਮੂਹਰੀ ਹੱਕ ਨੂੰ ਬਹਾਲ ਕਰਨ ਲਈ 6 ਮਾਰਚ ਨੂੰ ਬਠਿੰਡਾ ਵਿਖੇ ਵਿਸ਼ਾਲ ਮੁਜ਼ਾਹਰੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਇਸਰਾਈਲ-ਅਮਰੀਕਾ ਵੱਲੋਂ ਈਰਾਨ ਤੇ ਹਮਲੇ ਕਰਕੇ ਇਰਾਨ ਦੇ ਸੁਪਰੀਮ ਲੀਡਰ ਅਯੁਤਲਾ ਅਲੀ ਖੇਮਨੀ ਸਮੇਤ ਆਮ ਲੋਕਾਂ ਨੂੰ ਮਾਰ ਮਾਰਨ ਦੀ ਨਿਖੇਧੀ ਕਰਦਿਆਂ ਸਾਮਰਾਜ ਵਿਰੁੱਧ ਲੋਕਾਂ ਦੀਆਂ ਲਹਿਰਾਂ ਨੂੰ ਇੱਕਮੁਠ ਹੋ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸਿਮਰਜੀਤ ਕੌਰ, ਸਨੀਤਾ, ਜਸਵੀਰ ਕੌਰ, ਨਸੀਬ ਕੌਰ, ਪਰਮਜੀਤ ਕੌਰ, ਜਗਿੰਦਰ ਕੌਰ, ਸਵਰਨਜੀਤ ਕੌਰ, ਪਾਲਾ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।