ਡਿੰਪੀ ਢਿੱਲੋਂ ਦੇ ਮਾਤਾ ਨੇ ਲੱਡੂ ਵੰਡ ਕੇ ਮਹਿਲਾਵਾਂ ਦਿਵਸ ਦੀ ਖ਼ੁਸ਼ੀ ਕੀਤੀ ਸਾਂਝੀ
ਵਿਧਾਇਕ ਡਿੰਪੀ ਢਿੱਲੋਂ ਦੇ ਮਾਤਾ ਵੱਲੋਂ ਲੱਡੂ ਵੰਡ ਕੇ ਮਹਿਲਾਵਾਂ ਨਾਲ ਕੀਤੀ ਖ਼ੁਸ਼ੀ ਸਾਂਝੀ
Publish Date: Mon, 09 Mar 2026 04:24 PM (IST)
Updated Date: Mon, 09 Mar 2026 04:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 18 ਸਾਲ ਤੋਂ ਉਪਰ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਮਹਿਲਾਵਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਅੱਜ ਗਿੱਦੜਬਾਹਾ ਵਿਖੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਮਾਤਾ ਪਰਮਜੀਤ ਕੌਰ ਵੱਲੋਂ ਖੁਸ਼ੀ ’ਚ ਮਹਿਲਾਵਾਂ ਨੂੰ ਲੱਡੂ ਵੰਡ ਕੇ ਉਨ੍ਹਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਅਤੇ ਹਲਕਾ ਵਿਧਾਇਕ ਡਿੰਪੀ ਢਿੱਲੋਂ ਨੇ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਸਨ ਉਹ ਸਾਰੇ ਵਾਅਦੇ ਜਲਦ ਪੂਰੇ ਹੋਣਗੇ ਅਤੇ ਸ਼ਹਿਰ ਵਿੱਚ ਅਤੇ ਪਿੰਡਾਂ ’ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਸੰਗਠਨ ਇੰਚਾਰਜ ਕਿਰਨਪਾਲ ਸਿੰਘ ਦੌਲਾ, ਹਰਵਿੰਦਰ ਸਿੰਘ ਕਾਕਾ ਤੋਂ ਇਲਾਵਾ ਸ਼ਹਿਰ ਦੀਆਂ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ।