ਬੱਚਿਆਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ ਮਿਡ ਡੇਅ ਮੀਲ ਸਕੀਮ : ਡੀਈਓ
ਬੱਚਿਆਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ ਮਿਡ ਡੇ ਮੀਲ ਸਕੀਮ : ਜਿਲ੍ਹਾ ਸਿੱਖਿਆ ਅਫਸਰ
Publish Date: Fri, 20 Feb 2026 05:35 PM (IST)
Updated Date: Fri, 20 Feb 2026 05:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸਰਕਾਰੀ/ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਦੇ ਬੱਚਿਆਂ ਨੂੰ ਪੋਸ਼ਟਿਕ ਖਾਣਾ (ਮਿਡ ਡੇ ਮੀਲ) ਸਰਕਾਰ ਦੁਆਰਾ ਨਿਰਧਾਰਿਤ ਮੀਨੂੰ ਅਨੁਸਾਰ ਅੱਧੀ ਛੁੱਟੀ ਵੇਲੇ ਦਿੱਤਾ ਜਾਂਦਾ ਹੈ। ਹਰੇਕ ਸਕੂਲ ਮੁੱਖੀ ਦੁਆਰਾ ਟੀਚਰਾ ਵਿੱਚੋਂ ਮਿਡ ਡੇ ਮੀਲ ਇੰਚਾਰਜ਼ ਨਿਯੁਕਤ ਕਰਕੇ ਸਰਕਾਰ ਦੀ ਮਿਕਦਾਰ ਅਨੁਸਾਰ ਮੁੱਖੀ/ਚੇਅਰਮੈਨ ਦੁਆਰਾ ਬੱਚਿਆਂ ਦੀ ਗਿਣਤੀ ਅਨੁਸਾਰ ਨਿਯੁਕਤ ਕੁੱਕ-ਕਮ-ਹੈਲਪਰਜ਼ ਤੋਂ ਤਾਜਾ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਸਕੂਲਾਂ ਨੂੰ ਫਰਵਰੀ 2026 ਲਈ ਅਡਵਾਸ ਕੁਕਿੰਗ ਕੋਸਟ ਜਾਰੀ ਕੀਤੀ ਜਾ ਚੁੱਕੀ ਹੈ। ਇਹ ਸਕੀਮ ਬੱਚਿਆਂ ਦੇ ਵਿਕਾਸ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਇਹ ਸ਼ਬਦ ਯਾਦਵਿੰਦਰ ਸਿੰਘ ਮਾਨ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਐਨਜੀਓ ਦੇ ਸੰਸਥਾ ਨੂੰ ਕਹੇ ਗਏ। ਮਾਨ ਨੇ ਦੱਸਿਆ ਕਿ ਜਿਲ੍ਹੇ ਅਧੀਨ (ਯੂਕੇਜੀ, ਪਹਿਲੀ ਤੋਂ ਅੱਠਵੀ) 328 ਪ੍ਰਾਇਮਰੀ ਅਤੇ 228 ਅਪਰ-ਪ੍ਰਾਇਮਰੀ ਕੁੱਲ ਬੱਚੇ 60120 ਇਸ ਸਕੀਮ ਦਾ ਲਾਭ ਉਠਾ ਰਹੇ ਹਨ। 1480 ਕੁੱਕ ਕਮ ਹੈਲਪਰਜ਼ ਖਾਣਾ ਤਿਆਰ ਕਰਦੇ ਹਨ। ਜਿੰਨੇ ਬੱਚਿਆਂ ਨੂੰ ਖਾਣਾ ਖੁਵਾਇਆ ਜਾਂਦਾ ਹੈ ਉਸ ਸਬੰਧੀ ਸਮੂਹ ਸਕੂਲਾਂ ਵੱਲੋਂ ਸਰਕਾਰ ਦੁਆਰਾ ਚਲਾਈ ਗਈ ਮੋਬਾਇਲ ਐਪ ਤੇ ਇੰਚਾਰਜ ਅਧਿਆਪਕ ਵੱਲੋਂ ਹਰ ਰੋਜ਼ ਮੈਸਜ ਕੀਤਾ ਜਾਂਦਾ ਹੈ। ਰਾਹੁਲ ਬਖਸ਼ੀ ਜਿਲ੍ਹਾ ਲੇਖਾਕਾਰ ਨੇ ਮੁਕੰਮਲ ਦੱਸਿਆ ਕਿ ਬੱਚਿਆਂ ਦੇ ਵਿਕਾਸ ਲਈ ਕੁਕਿੰਗ ਕਾਸਟ ਦਾ ਰੇਟ ਪ੍ਰਾਇਮਰੀ ’ਚ 6 ਰੁਪਏ 78 ਪੈਸੇ ਅਤੇ ਅੱਪਰ-ਪ੍ਰਾਇਮਰੀ ਵਿੱਚ 10 ਰੁਪਏ 17 ਪੈਸੇ ਪ੍ਰਤੀ ਬੱਚਾਂ ਹਨ। ਸਕੂਲਾਂ ’ਚ ਅਨਾਜ ਮਾਰਚ 2026 ਤੱਕ ਭੇਜ ਦਿੱਤਾ ਗਿਆ ਹੈ। ਆਰਬੀਐਸਕੇ ਤਹਿਤ ਸਿਹਤ ਵਿਭਾਗ ਦੁਆਰਾ ਸਕੂਲਾਂ ’ਚ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਹੈਲਥ ਚੈੱਕਅਪ ਕੀਤਾ ਜਾਂਦਾ ਹੈ ਅਤੇ ਬੀਮਾਰੀ ਸਿੱਧ ਹੋਣ ਤੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਸਿਹਤ ਵਿਭਾਗ ਤੋਂ ਪ੍ਰਾਪਤ ਆਇਰਨ ਫੋਲਿਕ ਐਸਿਡ ਹਰ ਬੁੱਧਵਾਰ ਜੇਕਰ ਛੁੱਟੀ ਹੋਵੇ ਤਾਂ ਅਗਲੇ ਦਿਨ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜਿਆਂ ਤੋਂ ਰੋਕਥਾਮ ਲਈ ਐਲਬੈਂਡਾਜ਼ੋਲ ਦੀ ਗੋਲੀ ਹਰ 6 ਮਹੀਨੇ ਬਾਅਦ ਦਿੱਤੀ ਜਾਂਦੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ 6 ਬਲਾਕਾਂ ’ਚ ਬਲਾਕ ਇੰਚਾਰਜ ਸੰਦੀਪ ਕੁਮਾਰ ਮੁਕਤਸਰ-2, ਚੇਤਨ ਸ਼ਰਮਾ ਮੁਕਤਸਰ-1, ਟਿੰਕੂ ਬਾਲਾ ਮਲੋਟ, ਰਜਿੰਦਰ ਕੌਰ ਦੋਦਾ, ਕੁਲਦੀਪ ਸਿੰਗਲਾ ਲੰਬੀ ਅਤੇ ਰਜਨੀ ਰਾਣੀ ਗਿੱਦੜਬਾਹਾ ਮਿਡ ਡੇ ਮੀਲ ਦੀ ਮੋਨੀਟਰਿੰਗ ਕਰਦੇ ਹਨ।