ਐੱਮਐੱਚ-1 ਦੇ ਪ੍ਰਸਿੱਧ ਸ਼ੋਅ ‘ਕੰਟੀਨੀ ਮੰਡੀਰ’ ਪ੍ਰੋਗਰਾਮ ਕਰਵਾਇਆ
ਐਮਐਚ-1 ਦੇ ਪ੍ਰਸਿੱਧ ਸ਼ੋਅ ਕੰਟੀਨੀ ਮੰਡੀਰ ਦਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਹੋਇਆ ਆਯੋਜਨ
Publish Date: Fri, 13 Feb 2026 04:01 PM (IST)
Updated Date: Fri, 13 Feb 2026 04:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਹੜੇ ਅੱਜ ਐਮਐਚ ਵੰਨ ਟੀਵੀ ਚੈਨਲ ਦੇ ਲੋਕਪ੍ਰਿਯ ਯੁਵਾ ਪ੍ਰੋਗਰਾਮ ਕੰਟੀਨੀ ਮੰਡੀਰ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸਦੇ ਚਲਦਿਆਂ ਕਾਲਜ ਦਾ ਮਾਹੌਲ ਉਤਸ਼ਾਹ ਮਈ ਹੋ ਗਿਆ। ਕਾਲਜ ਦੇ ਵਿਹੜੇ ਪਹੁੰਚਣ ’ਤੇ ਪ੍ਰੋਗਰਾਮ ਦੇ ਸੰਚਾਲਕ ਗਾਇਕ, ਅਦਾਕਾਰ ਰਵਨੀਤ ਦਾ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਅਤੇ ਸਟਾਫ਼ ਨੇ ਸਵਾਗਤ ਕੀਤਾ। ਇਸ ਪ੍ਰੋਗਰਾਮ ਦੀ ਡਾਇਰੈਕਸ਼ਨ ਡਾਇਰੈਕਟਰ ਸੁਭਾਸ਼ ਸੈਣੀ ਵੱਲੋਂ ਕੀਤੀ ਗਈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਮਨੋਰੰਜਕ ਸਵਾਲ-ਜਵਾਬ, ਖੇਡਾਂ, ਟੈਲੈਂਟ ਪ੍ਰਦਰਸ਼ਨ ਤੇ ਕਾਲਜੀ ਜੀਵਨ ਨਾਲ ਸੰਬੰਧਤ ਕਈ ਰੰਗ-ਬਰੰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਵਿਸ਼ਰੀ, ਭੰਡ, ਨਾਟਕ, ਲੋਕ ਗੀਤ, ਗੀਤ, ਝੂੰਮਰ, ਗਿੱਧਾ, ਹਿਸਟ੍ਰੋਨਿਕਸ, ਕਵਿਤਾ ਆਦਿ ਪ੍ਰਸਤੁਤ ਕੀਤੇ। ਪ੍ਰੋਗਰਾਮ ਦੇ ਅਖੀਰ ’ਚ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਤੇ ਕਾਲਜ ਦੀ ਮੈਨੇਜਮੈਂਟ ਦੇ ਜਨਰਲ ਸਕੱਤਰ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਮੈਂਬਰ ਹਰਦੀਪ ਸਿੰਘ ਸੰਧੂ ਵਲੋਂ ਐੱਮਐੱਚ-1 ਟੀਵੀ ਚੈਨਲ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਟੀਨੀ ਮੰਡੀਰ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੰਦੇ ਹਨ ਤੇ ਕਾਲਜੀ ਜੀਵਨ ਚ ਸਕਾਰਾਤਮਕ ਊਰਜਾ ਭਰਦੇ ਹਨ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਯਾਦਗਾਰ ਬਣ ਗਿਆ।