ਤਰਕਸ਼ੀਲਤਾ ਸਮਾਜ ਲਈ ਚੇਤਨਾ ਦਾ ਚਾਨਣ : ਪ੍ਰਿੰ. ਬਾਂਸਲ
ਚੇਤਨਾ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ
Publish Date: Fri, 20 Feb 2026 03:02 PM (IST)
Updated Date: Fri, 20 Feb 2026 03:03 PM (IST)

ਸੁਖਦੀਪ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨੇੜਲੇ ਪਿੰਡ ਉਦੇਕਰਨ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼ ਭਗਤ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਚੇਤਨਾ ਪਰਖ ਪ੍ਰੀਖਿਆ ’ਚ ਉੱਤਮ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਸੱਤਵੀਂ ਰਾਜ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਪ੍ਰਭਾਵਸ਼ਾਲੀ ਸਮਾਰੋਹ ’ਚ ਸਨਮਾਨ ਕੀਤਾ ਗਿਆ। ਸਮਾਰੋਹ ’ਚ ਬੋਲਦਿਆਂ ਸੁਸਾਇਟੀ ਦੇ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਹਰੇਕ ਸਾਲ ਲਈ ਜਾਂਦੀ ਚੇਤਨਾ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ, ਚੇਤਨਾ ਤੇ ਦੇਸ਼ ਭਗਤਾਂ ਦੀਆਂ ਸੋਚਾਂ ਤੇ ਸੁਪਨਿਆਂ ਨਾਲ ਜੋੜਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਅੰਧਵਿਸ਼ਵਾਸ, ਵਹਿਮ ਭਰਮ ਤੇ ਅਗਿਆਨਤਾ ਸਾਡੇ ਭਵਿੱਖ ਨੂੰ ਹਨੇਰੇ ਵੱਲ ਤੋਰਦੇ ਹਨ। ਜਦਕਿ ਤਰਕਸ਼ੀਲ ਚੇਤਨਾ ਸੂਝ, ਸਿਆਣਪ, ਦਲੀਲ ਤੇ ਆਸ ਉਮੀਦ ਨਾਲ ਚੰਗੇਰੇ ਭਵਿੱਖ ਦਾ ਰਾਹ ਰੌਸ਼ਨ ਕਰਦੀ ਹੈ। ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਦੀਪਕ ਬਾਂਸਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਤੇ ਸਫਲਤਾ ਹਾਸਲ ਕਰਨ ਤਰਕਸ਼ੀਲ ਸੋਚ ਅਪਨਾਉਣ ਲਈ ਪ੍ਰੇਰਿਆ। ਉਨ੍ਹਾਂ ਸਮਾਜ ’ਚ ਚੇਤਨਾ ਦਾ ਚਾਨਣ ਫੈਲਾਉਣ ਲਈ ਸੁਸਾਇਟੀ ਵੱਲੋਂ ਜੁਟਾਏ ਜਾ ਯਤਨਾਂ ਦੀ ਸਰਾਹਨਾ ਕੀਤੀ। ਸਮਾਰੋਹ ਦੌਰਾਨ ਮੰਚ ਸੰਚਾਲਨ ਕਰਦਿਆਂ ਸੀਨੀਅਰ ਲੈਕਚਰਾਰ ਡਾ. ਅਮਨਦੀਪ ਚੁੱਘ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ, ਉਤਸ਼ਾਹ ਭਰੇ ਬੋਲਾਂ ਨਾਲ ਸਫ਼ਲਤਾ ਦੇ ਰਾਹ ਤੁਰਨ ਦਾ ਮੁੱਲਵਾਨ ਸੁਨੇਹਾ ਦਿੱਤਾ। ਸਮਾਗਮ ਵਿੱਚ ਖੁਸ਼ੀ ਭਰੇ ਪਲਾਂ ਦੌਰਾਨ ਪ੍ਰੀਖਿਆ ਵਿੱਚੋਂ ਅਵੱਲ ਵਿਦਿਆਰਥੀਆਂ ਦਾ ਪੁਸਤਕਾਂ ਦੇ ਸੈੱਟ ਤੇ ਸਰਟੀਫਿਕੇਟ ਸੌਂਪ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਸੁਨੀਲ ਜੱਗਾ, ਅੰਜੂ ਅਰੋੜਾ, ਸਿਮਰਜੀਤ ਕੌਰ, ਰੀਤੂ ਰਾਣੀ, ਹਰਕੇਵਲ ਸਿੰਘ, ਰੰਗਕਰਮੀ ਤਜਿੰਦਰ ਸਿੰਘ ਆਦਿ ਲੈਕਚਰਾਰ ਤੇ ਅਧਿਆਪਕਾਂ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।