ਆਪਣੀ ਹੀ ਦੁਰਦਸ਼ਾ ’ਤੇ ਹੰਝੂ ਵਹਾਅ ਰਿਹੈ ‘ਮਾਤਾ ਭਾਗ ਕੌਰ ਹੈਰੀਟੇਜ ਪਾਰਕ’
ਆਪਣੀ ਹੀ ਦੁਰਦਸ਼ਾ ’ਤੇ ਹੰਝੂ ਵਹਾਅ ਰਿਹੈ ‘ਮਾਤਾ ਭਾਗ ਕੌਰ ਹੈਰੀਟੇਜ ਪਾਰਕ’
Publish Date: Mon, 16 Mar 2026 04:02 PM (IST)
Updated Date: Mon, 16 Mar 2026 04:07 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਤਾ ਭਾਗ ਕੌਰ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਗਿਆ ‘ਮਾਤਾ ਭਾਗ ਕੌਰ ਹੈਰੀਟੇਜ’ ਪਾਰਕ ਹੁਣ ਆਪਣੀ ਹੀ ਦੁਰਦਸ਼ਾ ’ਤੇ ਹੰਝੂ ਵਹਾਉਂਦਾ ਨਜ਼ਰ ਆ ਰਿਹਾ ਹੈ। ਸਿੱਖ ਇਤਿਹਾਸ ਦੀ ਤਰਜਮਾਨੀ ਕਰਦਾ ਇਹ ਪਾਰਕ ਕਰੀਬ ਇਕ ਦਹਾਕਾ ਪਹਿਲਾਂ ਬਣਾਇਆ ਗਿਆ ਸੀ ਜਿਸਦਾ ਅਜੇ ਤੱਕ ਉਦਘਾਟਨ ਹੀ ਨਹੀਂ ਕੀਤਾ ਗਿਆ। ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਇਸ ਇਤਿਹਾਸਿਕ ਪਾਰਕ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ ਪਰ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਇਹ ਪਾਰਕ ਹੁਣ ਦਿਨ-ਬਦਿਨ ਖੰਡਰ ਰੂਪ ਧਾਰਨ ਕਰ ਰਿਹਾ ਹੈ। ਪਾਰਕ ’ਚ ਲਗਾਇਆ ਸੁੰਦਰ ਰਾਜਸਥਾਨੀ ਪੱਥਰ ਜਗ੍ਹਾ-ਜਗ੍ਹਾ ਤੋਂ ਟੁੱਟ ਕੇ ਚਕਨਾਚੂਰ ਹੋ ਚੁੱਕਾ ਹੈ। ਇਸਦੇ ਮੇਨ ਦਰਸ਼ਨੀ ਗੇਟ ’ਤੇ ਮਾਤਾ ਭਾਗ ਕੌਰ ਪਾਰਕ ਦੇ ਨਾਮ ’ਤੇ ਲੱਗਾ ਫਲੈਕਸ ਬੋਰਡ ਵੀ ਫਟਿਆ ਹੋਇਆ ਹੈ। ਹੋਰ ਤਾਂ ਹੋਰ ਪਾਰਕ ’ਚ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੀਆਂ ਮੂਰਤੀਆਂ ਦੀ ਵੀ ਹਾਲਤ ਤਰਸਯੋਗ ਬਣੀ ਹੋਈ ਹੈ। ਮੂਰਤੀਆਂ ਦੇ ਹੱਥਾਂ ’ਚ ਫੜੀਆਂ ਕ੍ਰਿਪਾਨਾਂ, ਨੇਜੇ ਅਤੇ ਹੋਰ ਵਸਤੂਆਂ ਗਾਇਬ ਹਨ। ਇੱਥੇ ਹੀ ਬੱਸ ਨਹੀਂ ਪਾਰਕ ਦੀ ਰਖਵਾਲੀ ਲਈ ਕੋਈ ਵੀ ਕਰਮਚਾਰੀ ਲੱਗਣ ਨੂੰ ਤਿਆਰ ਨਹੀਂ ਕਿਉਂਕਿ ਜੋ ਵੀ ਕਰਮਚਾਰੀ ਇੱਥੇ ਲਗਾਇਆ ਜਾਂਦਾ ਹੈ ਉਸਨੂੰ ਤਨਖਾਹ ਨਾ ਮਿਲਣ ਕਾਰਨ ਉਹ ਕੰਮ ਛੱਡ ਜਾਂਦਾ ਹੈ। ਪਾਰਕ ’ਚ ਬਣੇ ਪਾਣੀ ਵਾਲੇ ਫੁਆਰੇ ਤੇ ਪੂਲ ਵੀ ਬਿਲਕੁਲ ਖਰਾਬ ਹੋ ਚੁੱਕੇ ਹਨ। ਪੂਲ ’ਚ ਸਰ-ਕਾਂਨੇ ਉੱਗੇ ਹੋਏ ਹਨ। ਇਸਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਨੂੰ ਸੌਂਪੀ ਗਈ ਸੀ ਪਰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਸ ਵੱਲ ਉੱਕਾ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਸਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਿਕ ਪਾਰਕ ਦੀ ਦਸ਼ਾ ਨੂੰ ਸੁਧਾਰਿਆ ਜਾਵੇ। ਨਸ਼ੇੜੀਆਂ ਲਈ ਬਣਿਆ ਅੱਡਾ ਸ਼ਹਿਰ ਦਾ ਇਹ ਇਤਿਹਾਸਿਕ ਪਾਰਕ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਮ ਵੇਲੇ ਨਸ਼ੇੜੀ ਲੋਕ ਆ ਕੇ ਪਾਰਕ ’ਚ ਬੈਠੇ ਰਹਿੰਦੇ ਹਨ। ਕਈ ਵਾਰ ਤਾਂ ਇਹ ਲੋਕ ਪਾਰਕ ’ਚੋਂ ਲੋਹੇ ਦਾ ਸਾਮਾਨ ਤੋੜ ਕ ਵੀ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਬਾਹਰਲੇ ਗੇਟ ਨੂੰ ਜਿੰਦਾ ਲਗਾ ਕ ਅੰਦਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਪਰ ਨਸ਼ੇੜੀ ਲੋਕ ਲੋਹੇ ਦੀਆਂ ਗਲਾਰਨਾਂ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਹਨ। –––ਕੋਟ––– ਜਲਦ ਹੀ ਪਾਰਕ ’ਚ ਪੁਲਿਸ ਦੀ ਤਾਇਨਾਤੀ ਕਰਵਾਈ ਜਾਵੇਗੀ ਤਾਂ ਜੋ ਨਸ਼ੇੜੀ ਅੰਦਰ ਦਾਖ਼ਲ ਨਾ ਹੋ ਸਕਣ ਤੇ ਗਰਿੱਲਾਂ ਵਗੈਰਾ ਚੋਰੀ ਨਾ ਕਰ ਸਕਣ। ਪਾਰਕ ਦੀ ਸਫ਼ਾਈ ਵੀ ਜਲਦ ਹੀ ਕਰਵਾਈ ਜਾਵੇਗੀ। ਮੂਰਤੀਆਂ ਦੀ ਰਿਪੇਅਰ ਲਈ ਏਡੀਸੀ ਨੂੰ ਪੱਤਰ ਲਿਖਿਆ ਜਾਵੇਗਾ। -ਈਓ ਵਰੁਣ ਸਹੋਤਾ