- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
23 ਮਾਰਚ ਦੇ ਸ਼ਹੀਦਾਂ ਦਾ ਦਿਨ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਜੱਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਪੈਨਸ਼ਨਰ ਐਸੋਸੀਏਸ਼ਨ ਬਿਜਲੀ ਬੋਰਡ ਦੇ ਪ੍ਰਧਾਨ ਜੋਗਿੰਦਰ ਸਿੰਘ ਮੱਲਣ, ਮਨਰੇਗਾ ਦੇ ਸੂਬਾਈ ਆਗੂ ਕਾਮਰੇਡ ਜਗਰੂਪ ਸਿੰਘ ਖੂਨਣ ਕਲਾਂ, ਸੀਟੂ ਦੇ ਸੂਬਾਈ ਆਗੂ ਹਰਿੰਦਰਪਾਲ ਸ੍ਰੀ ਮੁਕਤਸਰ ਦੇ ਸਾਂਝੇ ਪ੍ਰਧਾਨਗੀ ਮੰਡਲ ਹੇਠ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਹੋਈ। ਮੀਟਿੰਗ ’ਚ ਬ੍ਰਿਟਿਸ਼ ਸਾਮਰਾਜ ਵਿਰੋਧੀ ਆਜ਼ਾਦੀ ਸੰਗਰਾਮ ਦੇ ਮਾਣਮੱਤੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਉਣ ਦੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਕੋਟਲੀ ਦਿਉਣ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਕੌਮੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਚੌਧਰੀ ਪਾਲ ਸਿੰਘ ਭੁਲੇਰੀਆਂ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਖਜਾਨਚੀ ਅਮਨਦੀਪ ਸਿੰਘ ਹਰੀਕੇ ਕਲਾਂ, ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਦੇ ਸਬਾਈ ਆਗੂ ਭੁਪਿੰਦਰ ਸਿੰਘ ਮਲੋਟ, ਪੀਐਸਈਬੀ ਐਂਮਪਲਾਈਜ ਫੈਡਰੇਸ਼ਨ ਦੇ ਸਰਕਲ ਆਗੂ ਬਸੰਤ ਸਿੰਘ, ਐਮਐਸਯੂ ਡਿਵੀਜ਼ਨ ਮੁਕਤਸਰ ਦੇ ਸੀਨੀਅਰ ਸਕੱਤਰ ਆਕਾਸ਼ਦੀਪ ਸਿੰਘ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਰਕਲ ਪ੍ਰਧਾਨ ਕੇਸਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਰਪਾਣਾ ਦੇ ਸੀਨੀਅਰ ਆਗੂ ਕਰਮਜੀਤ ਸਿੰਘ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਨੇ ਬੋਲਦਿਆਂ ਕਿਹਾ ਕਿ 23 ਮਾਰਚ ਨੂੰ ਪੂਰੇ ਪੰਜਾਬ ’ਚ ਜੱਥੇਬੰਦੀਆਂ ਵੱਲੋਂ ਇਹ ਦਿਨ ਸਾਮਰਾਜ ਖਾਸ ਕਰਕੇ ਅਮਰੀਕਨ ਸਾਮਰਾਜ ਅਤੇ ਉਸ ਵਲੋਂ ਥੋਪੀਆਂ ਜਾ ਰਹੀਆਂ ਨੀਤੀਆਂ ਵਿਰੁੱਧ ਲੋਕ ਲਾਮਬੰਦੀ ਕਰਕੇ ਮਨਾਇਆ ਜਾਵੇਗਾ। ਕਿਸਾਨ ਆਗੂਆਂ ਨੇ ਅਮਰੀਕਾ ਵੱਲੋਂ ਈਰਾਨ ’ਤੇ ਹਮਲਾ ਕਰਨ ਸਮੇਤ ਦੁਨੀਆਂ ਭਰ ’ਚ ਦਿਖਾਈ ਜਾ ਰਹੀ ਥਾਣੇਦਾਰੀ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨੇ ’ਤੇ ਰੱਖਿਆ ਗਿਆ। ਭਾਰਤ ਸਰਕਾਰ ਉੱਤੇ ਅਮਰੀਕਾ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਟਰੰਪ ਵਲੋਂ ਤੇਲ ਖ੍ਰੀਦ ਸਮੇਤ ਥੋਪੇ ਜਾ ਰਹੇ ਟ੍ਰੇਡ ਸਮਝੌਤੇ ਸਾਹਮਣੇ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਆਤਮ ਸਮਰਪਣ ਨੂੰ ਮੂਕ ਦਰਸ਼ਕ ਬਣ ਕੇ ਨਹੀ ਦੇਖਿਆ ਜਾ ਸਕਦਾ। ਆਜ਼ਾਦੀ ਪ੍ਰਵਾਨਿਆਂ ਨੇ ਇਸ ਕਰਕੇ ਸ਼ਹਾਦਤਾਂ ਨਹੀ ਸੀ ਦਿੱਤੀਆਂ ਕਿ ਦੇਸ਼ ਦੀਆਂ ਹਕੂਮਤਾਂ ਸਾਮਰਾਜੀ ਨੀਤੀਆਂ ਲਾਗੂ ਕਰਨ। ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਅਤੇ ਚਾਰ ਲੇਬਰ ਕੋਡ ਇਨ੍ਹਾਂ ਸਾਮਰਾਜੀ ਨੀਤੀਆਂ ਦੀ ਪੈਦਾਵਾਰ ਦੱਸਦਿਆਂ ਕਿਹਾ ਗਿਆ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਫਰੀ ਟ੍ਰੇਡ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋਵੇਗਾ। ਆਗੂਆਂ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਬਜਟ ਦੱਸਿਆ ਗਿਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਆਰਐਸਐਸ ਦੇ ਵੱਧਦੇ ਦਖਲ ਤੇ ਚਿੰਤਾਂ ਜਾਹਰ ਕਰਦਿਆਂ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਕੀਤੀ ਗਈ ਪੁਲਿਸ ਵਧੀਕੀ ਦੀ ਨਿੰਦਾ ਕਰਦਿਆਂ ਸੂਬੇ ਨੂੰ ਪੁਲਿਸ ਰਾਜ ਬਣਾਉਣ ਦੀ ਕਵਾਇਦ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਜਨਤਕ ਜਥੇਬੰਦੀਆਂ ਦੇ ਗ੍ਰਿਫਤਾਰ ਕੀਤੇ ਸੰਘਰਸ਼ੀਲ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਸਾਮਰਾਜੀ ਨੀਤੀਆਂ ਵਿਰੁੱਧ ਆਵਾਜ਼ ਨੂੰ ਬੁਲੰਦ ਕਰਦੇ ਹੋਏ 23 ਮਾਰਚ ਦੇ ਸ਼ਹੀਦਾਂ ਦੇ ਦਿਨ ਤੇ ਸਾਮਰਾਜ ਵਿਰੋਧੀ ਦਿਨ ਨੂੰ ਬਲਾਕ ਪੱਧਰੀ ਮੁਕਤਸਰ, ਮਲੋਟ, ਲੰਬੀ ਤੇ ਗਿੱਦੜਬਾਹਾ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਲੰਬੀਢਾਬ, ਗੁਰਦੀਪ ਸਿੰਘ ਹਰੀਕੇ ਕਲਾਂ, ਜਰਨੈਲ ਸਿੰਘ, ਸੁਖਰਾਜ ਸਿੰਘ ਕੋਟਲੀ ਸੰਘਰ ਆਦਿ ਕਿਸਾਨ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।