ਪਿੰਡ ਭਲਾਈਆਣਾ, ਕੋਟਲੀ ਅਬਲੂ ’ਚ ਗੜੇਮਾਰੀ ਨਾਲ ਫਸਲਾਂ ਦਾ ਭਾਰੀ ਨੁਕਸਾਨ
ਮਨਪ੍ਰੀਤ ਸਿੰਘ ਬਾਦਲ ਨੇ ਪੀੜਤ ਕਿਸਾਨਾਂ ਨਾਲ ਮਿਲ ਕੇ ਲਿਆ ਜਾਇਜ਼ਾ
Publish Date: Mon, 06 Apr 2026 06:32 PM (IST)
Updated Date: Mon, 06 Apr 2026 06:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ’ਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਭਲਾਈਆਣਾ ਅਤੇ ਕੋਟਲੀ-ਅਬਲੂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪਿੰਡ ਭਲਾਈਆਣਾ ਦੇ ਕਿਸਾਨ ਲਖਵਿੰਦਰ ਸਿੰਘ, ਨਿੱਕਾ ਸਿੰਘ, ਕਿੱਕਰ ਸਿੰਘ, ਕਾਕਾ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਤੋਂ 20 ਏਕੜ ਜ਼ਮੀਨਾਂ ਕਰੀਬ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈਆ ਸਨ, ਪਰ ਸ਼ਨੀਵਾਰ ਸ਼ਾਮ ਹੋਈ ਭਾਰੀ ਗੜੇਮਾਰੀ ਨਾਲ ਉਨ੍ਹਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਹੁਣ ਹਾਲਤ ਇਹ ਹੈ ਕਿ ਨਾ ਤਾਂ ਕਣਕ ਦੇ ਦਾਣੇ ਮਿਲਣਗੇ ਅਤੇ ਨਾ ਹੀ ਪਸ਼ੂਆਂ ਲਈ ਤੂੜੀ ਤੇ ਨਾ ਹੀ ਹਰਾ-ਚਾਰਾ ਬਚਿਆ ਹੈ। ਕੁਝ ਕਿਸਾਨਾਂ ਦੀ ਮੱਕੀ ਅਤੇ ਸਬਜ਼ੀਆਂ ਦੀ ਫਸਲ ਵੀ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਕਈ ਕਿਸਾਨਾਂ ਕੋਲ ਤਾਂ ਆਪਣੇ ਘਰ ਵਿੱਚ ਖਾਣ ਲਈ ਕਣਕ ਨਹੀਂ ਬਚੀ। ਜਾਣਕਾਰੀ ਮੁਤਾਬਕ ਪਿੰਡ ਭਲਾਈਆਣਾ ਵਿੱਚ ਲਗਭਗ 1500 ਏਕੜ, ਕੋਟਲੀ-ਅਬਲੂ ਵਿੱਚ 2000 ਏਕੜ ਅਤੇ ਕੋਠੇ ਚੇਤ ਸਿੰਘ ਵਾਲੇ ਤੇ ਕੋਠੇ ਕੌਰ ਸਿੰਘ ਵਾਲੇ ਪਿੰਡਾਂ ਵਿੱਚ ਵੀ ਸੈਂਕੜੇ ਏਕੜ ਫਸਲ ਬਰਬਾਦ ਹੋਈ ਹੈ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੁਦਰਤ ਦੀ ਇਸ ਮਾਰ ਦੀ ਭਰਪਾਈ ਕਰਨਾ ਮੁਸ਼ਕਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਘੱਟੋ-ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਮੁਕਤਸਰ ਦੇ ਡੀਸੀ ਨਾਲ ਫੋਨ ‘ਤੇ ਗੱਲ ਕਰਕੇ ਸੰਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਭੇਜਣ ਅਤੇ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਣ ਲਈ ਕਿਹਾ। ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਜੀਤਾ ਮੈਂਬਰ, ਬੱਬੂ ਸਿੰਘ ਸੁਖਨਾ ਅਬਲੂ, ਕਾਕਾ ਸਿੰਘ ਸਾਬਕਾ ਸਰਪੰਚ ਸੁਖਨਾ-ਅਬਲੂ, ਬੇਅੰਤ ਸਿੰਘ ਸਰਪੰਚ ਗੁਰੂਸਰ, ਗੁਰਮੀਤ ਸਿੰਘ ਦੋਦਾ, ਵਿਜੈਪਾਲ, ਦਾਰਾ ਸਿੰਘ ਕੋਟਲੀ-ਅਬਲੂ, ਬੂਟਾ ਸਿੰਘ, ਲਖਵੀਰ ਸਿੰਘ ਮੋਨਾ, ਜਤਿੰਦਰ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਠਾਕੁਰ ਸਿੰਘ ਮੈਂਬਰ, ਜਗਰੂਪ ਸਿੰਘ, ਕਾਕਾ ਸਿੰਘ ਭਲਾਈਆਣਾ, ਨਛੱਤਰ ਸਿੰਘ ਛੱਤੇਆਣਾ, ਗੁਰਨਾਮ ਸਿੰਘ ਗੁਰੁਸਰ, ਜਸਕਰਨ ਸਿੰਘ ਭਲਾਈਆਣਾ, ਭਿੰਦਰ ਸਿੰਘ ਭਲਾਈਆਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।