ਜੀਐਸਟੀ ਦੀ ਚੋਰੀ ਦੇ ਮੱਦੇਨਜ਼ਰ ਮੈਨੂਫੈਕਚਰਿੰਗ ਯੂਨਿਟ ਦੀ ਜਾਂਚ
ਜੀਐਸਟੀ ਦੀ ਚੋਰੀ ਨੂੰ ਰੋਕਣ ਲਈ ਮਲੋਟ ਵਿਖੇ ਵੱਡੀ ਕਾਰਵਾਈ
Publish Date: Fri, 23 Jan 2026 03:59 PM (IST)
Updated Date: Fri, 23 Jan 2026 04:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ ਅਮਿਤ ਗੋਇਲ ਦੀ ਅਗਵਾਈ ਹੇਠ ਜੀਐਸਟੀ ਅਧੀਨ ਟੈਕਸ ਚੋਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦੇ ਹੋਏ, ਦਫ਼ਤਰ ਸਹਾਇਕ ਕਮਿਸ਼ਨਰ, ਸਟੇਟ ਟੈਕਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਲੋਟ ਵਿਖੇ ਸਥਿਤ ਇੱਕ ਪ੍ਰਮੁੱਖ ਲੀਡ ਮੈਨੂਫੈਕਚਰਿੰਗ ਯੂਨਿਟ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਅਮਿਤ ਚਰਾਇਆ, ਸਟੇਟ ਟੈਕਸ ਅਫ਼ਸਰ (ਐਸਟੀਓ), ਗੁਰਿੰਦਰਜੀਤ ਸਿੰਘ ਐਸਟੀਓ, ਮਨਜਿੰਦਰ ਸਿੰਘ ਐਸਟੀਓ ਅਤੇ ਏਐਸਟੀਓ ਅਤੇ ਹੋਰ ਵਿਭਾਗੀ ਸਟਾਫ਼ ਮੌਜੂਦ ਸੀ। ਇਹ ਕਾਰਵਾਈ ਨਕਲੀ ਬਿਲਿੰਗ ਅਤੇ ਧੋਖੇ ਨਾਲ ਲਿਆ ਗਿਆ ਇਨਪੁੱਟ ਟੈਕਸ ਕਰੈਡਿਟ (ਆਈਟੀਸੀ) ਰੋਕਣ ਦੇ ਉਦੇਸ਼ ਨਾਲ ਕੀਤੀ ਗਈ, ਜੋ ਸਰਕਾਰੀ ਰਾਜਸਵ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਭਾਗ ਸਰਕਾਰੀ ਰਾਜਸਵ ਦੀ ਸੁਰੱਖਿਆ ਅਤੇ ਜੀਐਸਟੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖ਼ਾਸ ਤੌਰ ‘ਤੇ ਨਾਨ-ਫੈਰਸ ਧਾਤੂਆਂ (ਜਿਵੇਂ ਲੀਡ ਆਦਿ) ਨਾਲ ਸਬੰਧਤ ਵਪਾਰੀਆਂ ਅਤੇ ਸੈਕਟਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਜੀਐਸਟੀ ਚੋਰੀ ਅਤੇ ਨਕਲੀ ਆਈਟੀਸੀ ਦੇ ਮਾਮਲੇ ਵੱਧ ਪਾਏ ਗਏ ਹਨ। ਵਿਭਾਗ ਵੱਲੋਂ ਦੁਹਰਾਇਆ ਗਿਆ ਹੈ ਕਿ ਨਕਲੀ ਆਈਟੀਸੀ ਜਾਂ ਫ਼ਰਜ਼ੀ ਬਿਲਿੰਗ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਜੀਐਸਟੀ ਅਧੀਨ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ ਅਤੇ ਇਕਾਈਆਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ।