- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ ਰਾਹੀਂ ਇਨਵੈਸਟਮੈਂਟ ਦੇ ਨਾਮ ’ਤੇ ਵੱਡੀ ਠੱਗੀ ਬੇਨਕਾਬ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅਭਿਮੰਨਿਊ ਰਾਣਾ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਅਤੇ ਮਨਮੀਤ ਸਿੰਘ ਢਿੱਲੋਂ, ਐਸਪੀ (ਡੀ) ਅਤੇ ਹਰਜੀਤ ਸਿੰਘ, ਡੀਐਸਪੀ ਦੀ ਅਗਵਾਈ ਹੇਠ ਇੰਸਪੈਕਟਰ ਵਰੁਣ ਕੁਮਾਰ, ਇੰਚਾਰਜ ਸਾਇਬਰ ਕ੍ਰਾਈਮ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਸਾਇਬਰ ਠੱਗੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਸੁਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮਾਂ (ਖਾਸ ਕਰਕੇ ਇੰਸਟਾਗ੍ਰਾਮ) ਰਾਹੀਂ ਇਨਵੈਸਟਮੈਂਟ ਸਕੀਮਾਂ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਵੱਡੇ ਪੱਧਰ ’ਤੇ ਠੱਗੀ ਕਰ ਰਿਹਾ ਸੀ। ਮੁਲਜ਼ਮਾਂ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਜਾਂਦਾ ਸੀ ਕਿ ਲਗਾਈ ਗਈ ਰਕਮ ਨੂੰ ਦੁੱਗਣਾ, ਤਿਗੁਣਾ ਜਾਂ ਚੌਗੁਣਾ ਕਰਕੇ ਵਾਪਸ ਕੀਤਾ ਜਾਵੇਗਾ। ਪਹਿਲੇ ਮਾਮਲੇ ’ਚ ਪੀੜਤਾ ਕੁਲਵਿੰਦਰ ਕੌਰ ਵਾਸੀ ਮਲੋਟ ਨਾਲ ਸੋਸ਼ਲ ਮੀਡੀਆ ਪਲੇਟਫਰਮ ਰਾਹੀਂ ਸੰਪਰਕ ਕਰਕੇ ਇਨਵੈਸਟਮੈਂਟ ਦਾ ਝਾਂਸਾ ਦਿੱਤਾ ਗਿਆ। ਦੋਸ਼ੀਆਂ ਦੀਆਂ ਗੱਲਾਂ ਵਿੱਚ ਆ ਕੇ ਪੀੜਤਾ ਵੱਲੋਂ ਵੱਖ-ਵੱਖ ਮਿਤੀਆਂ ’ਤੇ ਕਰੀਬ 14,91,620/- ਰੁਪਏ ਟਰਾਂਸਫਰ ਕੀਤੇ ਗਏ। ਸ਼ੁਰੂ ’ਚ ਕੁਝ ਰਕਮ ਵਾਪਸ ਕਰਕੇ ਭਰੋਸਾ ਜਤਾਇਆ ਗਿਆ, ਪਰ ਬਾਅਦ ਵਿੱਚ ਬਾਕੀ ਰਕਮ ਹੜਪ ਕਰ ਲਈ ਗਈ ਅਤੇ ਦੋਸ਼ੀਆਂ ਵੱਲੋਂ ਸੰਪਰਕ ਤੋੜ ਦਿੱਤਾ ਗਿਆ। ਇਸ ਸਬੰਧੀ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 15 ਮਿਤੀ 10.10.2025 ਅਧੀਨ ਧਾਰਾ 318(4) ਬੀਐਨਐਸ ਦਰਜ ਕੀਤਾ ਗਿਆ ਜਿਸ ਵਿੱਚ ਮੁਲਜ਼ਮ ਨਵਦੀਪ ਕੌਰ ਉਰਫ ਨਿਸ਼ਾ ਰਾਣੀ (ਗ੍ਰਿਫਤਾਰ) ਅਤੇ ਰਣਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਦੂਜੇ ਮਾਮਲੇ ’ਚ ਮਲਕੀਤ ਕੌਰ, ਰਜਨੀ ਵਰਮਾ ਅਤੇ ਹੋਰ ਪੀੜਤਾਂ ਨੂੰ ਇੰਸਟਾਗਰਾਮ ਆਈਡੀ ਦੇ ਰਾਹੀਂ ਵੱਖ-ਵੱਖ ਇਨਵੈਸਟਮੈਂਟ ਦਾ ਲਾਲਚ ਦੇ ਕੇ ਅਤੇ ਪੈਸੇ ਨੂੰ ਦੁਗਣੇ ਕਰਨ ਦਾ ਕਹਿ ਕੇ ਲਗਾਤਾਰ ਪੈਸੇ ਲਗਵਾਏ ਗਏ। ਸ਼ੁਰੂ ’ਚ ਕੁਝ ਪ੍ਰੋਫਿਟ ਦੇ ਕੇ ਭਰੋਸਾ ਬਣਾਇਆ ਗਿਆ ਅਤੇ ਬਾਅਦ ’ਚ ਵੱਡੀਆਂ ਰਕਮਾਂ ਇਕੱਠੀਆਂ ਕਰ ਲਈਆਂ ਗਈਆਂ। ਇਸ ਤਰ੍ਹਾਂ ਮੁਲਜ਼ਮਾਂ ਵੱਲੋਂ ਕਰੀਬ 27 ਲੱਖ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਗਈ। ਇਸ ਸਬੰਧੀ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 05 ਮਿਤੀ 03.04.2025 ਅਧੀਨ ਧਾਰਾ 420 IPC, 111, 318(4) ਬੀਐਨਐਸ ਦਰਜ ਕੀਤਾ ਗਿਆ। ਇਸ ਮਾਮਲੇ ’ਚ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਚਾਰ ਮੁਲਜ਼ਮਾਂ ਨਵਦੀਪ ਕੌਰ ਪਤਨੀ ਰਣਜੀਤ ਸਿੰਘ (ਮੁੱਖ ਦੋਸ਼ੀ) (ਗ੍ਰਿਫਤਾਰ), ਮਨਪ੍ਰੀਤ ਕੌਰ ਉਰਫ ਮਨ ਕੌਰ ਵਾਸੀ ਲੁਧਿਆਣਾ (ਪਹਿਲਾ ਹੀ ਗ੍ਰਿਫਤਾਰ), ਰਣਜੀਤ ਸਿੰਘ ਵਾਸੀ ਪਟਿਆਲਾ ਅਤੇ ਰਮਨਦੀਪ ਸਿੰਘ ਵਾਸੀ ਚੰਡੀਗੜ੍ਹ ਨੂੰ ਨਾਮਜ਼ਦ ਕੀਤਾ ਗਿਆ। ਦੋਵੇਂ ਮਾਮਲਿਆਂ ’ਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਵੱਲੋਂ ਮੁੱਖ ਮੁਲਜ਼ਮ ਨਵਦੀਪ ਕੌਰ ਉਰਫ ਨਿਸ਼ਾ ਰਾਣੀ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਮਹੱਤਵਪੂਰਨ ਖੁਲਾਸਿਆਂ ਦੀ ਸੰਭਾਵਨਾ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੋਰ ਕਿੰਨੇ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਹਨ। ਇਸਤੋਂ ਇਲਾਵਾ ਹੋਰ ਪੀੜਤ ਵੀ ਸਾਹਮਣੇ ਆ ਰਹੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਨਵਦੀਪ ਕੌਰ ਉਰਫ ਨਿਸ਼ਾ ਰਾਣੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਕੇਸ ਦਰਜ ਹਨ, ਜਿਸ ’ਚ ਐਫਆਈਆਰ ਨੰਬਰ 18 ਮਿਤੀ 18.03.2025 ਅਧੀਨ ਧਾਰਾ 318(4) ਬੀਐਨਐਸ, ਥਾਣਾ ਸਾਇਬਰ ਕ੍ਰਾਈਮ ਫਤਿਹਾਬਾਦ, ਐਫਆਈਆਰ ਨੰਬਰ 03 ਮਿਤੀ 24.04.2025 ਅਧੀਨ ਧਾਰਾ 318(4) ਬੀਐਨਐਸ, ਥਾਣਾ ਸਾਇਬਰ ਕ੍ਰਾਈਮ ਲੁਧਿਆਣਾ ਦਿਹਾਤੀ, ਐਫਆਈਆਰ ਨੰਬਰ 22 ਮਿਤੀ 09.03.2026 ਅਧੀਨ ਧਾਰਾ 420, 120-ਬੀ ਆਈਪੀਸੀ, ਥਾਣਾ ਸਨੌਰ, ਜਿਲਾ ਪਟਿਆਲਾ ਹਨ। ਹੋਰ ਵੀ ਪੁਲਿਸ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਆਉਣ ਵਾਲੀਆਂ ਇਨਵੈਸਟਮੈਂਟ ਸਕੀਮਾਂ ਤੋਂ ਸਾਵਧਾਨ ਰਹਿਣ। ਕਿਸੇ ਵੀ ਅਣਪਛਾਤੇ ਵਿਅਕਤੀ ਦੇ ਝਾਂਸੇ ’ਚ ਆ ਕੇ ਪੈਸੇ ਟਰਾਂਸਫਰ ਨਾ ਕਰਨ। ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸਾਇਬਰ ਕ੍ਰਾਈਮ ਸੈੱਲ ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਜਾਵੇ।