ਕੀਰਤੀ ਚੱਕਰ ਜੇਤੂ ਮੇਜਰ ਅਰਸ਼ਦੀਪ ਗਿੱਲ ਨੂੰ ਕੀਤਾ ਸਨਮਾਨਿਤ
ਦੇਸ਼ ਦੀ ਆਨ-ਸ਼ਾਨ ਦਾ ਪ੍ਰਤੀਕ ਬਣਿਆ ਪੰਜਾਬ ਦਾ ਮੇਜਰ ਅਰਸ਼ਦੀਪ ਗਿੱਲ
Publish Date: Mon, 02 Feb 2026 05:05 PM (IST)
Updated Date: Mon, 02 Feb 2026 05:07 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਭਾਰਤ ਦੀ ਸੁਰੱਖਿਆ ਲਈ ਆਪਣੀ ਜਾਨ ਨੂੰ ਹਥੇਲੀ ’ਤੇ ਰੱਖ ਕੇ ਡਟਣ ਵਾਲੀ ਭਾਰਤੀ ਫੌਜ ’ਤੇ ਹਰ ਦੇਸ਼ਵਾਸੀ ਨੂੰ ਮਾਣ ਹੈ। ਜਦੋਂ ਅਸੀਂ ਸੁਖ ਦੀ ਨੀਂਦ ਸੁੱਤੇ ਹੁੰਦੇ ਹਾਂ, ਉਸ ਵੇਲੇ ਇਹ ਬਹਾਦਰ ਸੈਨਿਕ ਸਰਹੱਦਾਂ ’ਤੇ ਖੜ੍ਹ ਕੇ ਦੇਸ਼ ਦੀ ਆਨ, ਸ਼ਾਨ ਅਤੇ ਜਾਨ-ਮਾਲ ਦੀ ਰੱਖਿਆ ਕਰਦੇ ਹਨ। ਇਹ ਵਿਚਾਰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਉਸ ਸਮੇਂ ਪ੍ਰਗਟ ਕੀਤੇ, ਜਦੋਂ ਕੀਰਤੀ ਚੱਕਰ ਅਵਾਰਡ ਮਿਲਣ ’ਤੇ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੇਜਰ ਅਰਸ਼ਦੀਪ ਸਿੰਘ ਗਿੱਲ, ਸਵ: ਸੁਖਚੈਨ ਸਿੰਘ ਗਿੱਲ ਦੇ ਸਪੁੱਤਰ ਹਨ ਅਤੇ ਸਾਬਕਾ ਮੰਤਰੀ ਪੰਜਾਬ ਨਸੀਬ ਸਿੰਘ ਗਿੱਲ ਅਤੇ ਡਾ. ਸੁਖਦੇਵ ਸਿੰਘ ਗਿੱਲ ਦੇ ਭਤੀਜੇ ਹਨ। ਉਹ ਮੂਲ ਰੂਪ ਵਿੱਚ ਪਿੰਡ ਟਾਹਲੀਵਾਲਾ, ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਹਨ ਅਤੇ ਅੱਜ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਮਾਣ ਬਣੇ ਹੋਏ ਹਨ। ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕੀਰਤੀ ਚੱਕਰ ਅਵਾਰਡ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੈਨਿਕ ਸਨਮਾਨ ਹੈ, ਜੋ ਬੇਮਿਸਾਲ ਬਹਾਦਰੀ, ਦਲੇਰੀ ਅਤੇ ਰਣਨੀਤਕ ਕਾਬਲੀਅਤ ਲਈ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦੇ ਪਰਿਵਾਰ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਭਾਰਤ ਦੇਸ਼ ਲਈ ਮਾਣ ਅਤੇ ਗੌਰਵ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਅਸਾਮ ਵਿੱਚ ਅੱਤਵਾਦੀਆਂ ਵੱਲੋਂ ਫੌਜ ਦੀ ਟੀਮ ’ਤੇ ਅਚਾਨਕ ਗੋਲੀਬਾਰੀ ਕੀਤੀ ਗਈ ਸੀ। ਇਸ ਦੌਰਾਨ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਬੇਮਿਸਾਲ ਬਹਾਦਰੀ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਜਵਾਬੀ ਕਾਰਵਾਈ ਦੀ ਅਗਵਾਈ ਕੀਤੀ, ਜਿਸ ਨਾਲ ਕਈ ਅੱਤਵਾਦੀ ਮਾਰੇ ਗਏ ਅਤੇ ਇੱਕ ਵੱਡੀ ਅਨਹੋਣੀ ਟਲ ਗਈ। ਇਸ ਸ਼ੂਰਵੀਰਤਾ ਦੇ ਚਲਦੇ ਹੀ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ 26 ਜਨਵਰੀ ਨੂੰ ਕੀਤਾ ਗਿਆ। ਇਹ ਸਨਮਾਨ ਮਾਣਯੋਗ ਰਾਸ਼ਟਰਪਤੀ ਵੱਲੋਂ 14 ਮਈ ਨੂੰ ਦਿੱਤਾ ਜਾਣਾ ਹੈ। ਇਸ ਦੌਰਾਨ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਨਮਾਨ ਫੌਜੀ ਜਵਾਨਾਂ ਦਾ ਹੌਸਲਾ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਦੇਸ਼ ਦੀ ਰੱਖਿਆ ਲਈ ਭਾਰਤੀ ਫੌਜ ਹਰ ਕੁਰਬਾਨੀ ਦੇਣ ਲਈ ਸਦਾ ਤਿਆਰ ਹੈ ਅਤੇ ਦੇਸ਼ ਸਾਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ। ਇਸ ਮੌਕੇ ਹਰਜੀਤ ਸਿੰਘ (ਪ੍ਰਧਾਨ ਐਨਆਰਆਈ ਪੇਰੈਂਟਸ ਐਸੋਸੀਏਸ਼ਨ), ਸਰੂਪ ਸਿੰਘ (ਪ੍ਰਧਾਨ ਸੀਟੀ ਵਿਕਾਸ ਮੰਚ ਮਲੋਟ), ਦੇਸ ਰਾਜ ਸਿੰਘ (ਸੀਨੀਅਰ ਮੀਤ ਪ੍ਰਧਾਨ ਚੜਦੀਕਲਾ ਸਮਾਜ ਸੇਵੀ ਸੰਸਥਾ), ਮਾਸਟਰ ਹਰਜਿੰਦਰ ਸਿੰਘ ਮੌੜ (ਕੈਸ਼ੀਅਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ) ਸਮੇਤ ਕਈ ਸਮਾਜ ਸੇਵੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਸਭ ਨੇ ਮੇਜਰ ਗਿੱਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਦੇਸ਼ ਸੇਵਾ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।