- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦੀ ਜੋੜ-ਮੇਲ ਮਾਘੀ ’ਤੇ ਲੱਖਾਂ ਸ਼ਰਧਾਲੂ ਹੋਣਗੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਭੰਵਰਾ/ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਚਾਲੀ ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਾਘੀ ’ਤੇ ਅੱਜ ਲੱਖਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਪਾਵਨ ਅਵਸਰ ’ਤੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਮੇਲਾ ਮਾਘੀ ਨੂੰ ਲੈ ਕੇ ਧਾਰਮਿਕ ਸਮਾਗਮਾਂ ਤਹਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਜਿਨਾਂ ਦੇ ਭੋਗ ਅੱਜ 14 ਜਨਵਰੀ ਨੂੰ ਮਾਘੀ ਵਾਲੇ ਦਿਨ ਸਵੇਰੇ 7:30 ਵਜੇ ਪੈਣਗੇ। 13 ਜਨਵਰੀ ਰਾਤ ਤੋਂ ਹੀ ਸੰਗਤਾਂ ਵੱਡੀ ਗਿਣਤੀ ’ਚ ਸ੍ਰੀ ਦਰਬਾਰ ਸਾਹਿਬ ਪਹੁੰਚਣੀਆਂ ਸ਼ੁਰੂ ਗਈਆਂ ਸਨ। 14 ਜਨਵਰੀ ਨੂੰ ਹੀ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਧਾਰਮਿਕ ਦੀਵਾਨ ਸਜਣਗੇ, ਜਿਨਾਂ ’ਚ ਰਾਗੀ, ਢਾਡੀ ਤੇ ਵਿਦਵਾਨ ਗੁਰੂ ਜਸ, ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ। ਇਨ੍ਹਾਂ ਧਾਰਮਿਕ ਸਮਾਗਮਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਜੱਥੇ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਉੱਚ ਕੋਟੀ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜੱਥੇ ਪਹੁੰਚ ਰਹੇ ਹਨ। 15 ਜਨਵਰੀ 2026 ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਤੇ 15 ਜਨਵਰੀ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ 11 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸਤੋਂ ਇਲਾਵਾ 15 ਜਨਵਰੀ ਨੂੰ ਹੀ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸੰਗਤਾਂ ਦੀ ਸਹੂਲਤ ਲਈ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਕਰੀਬ 250 ਮੁਲਾਜ਼ਮ ਲਗਾਏ ਜਾਣਗੇ, ਜਿਨ੍ਹਾਂ ਵਿੱਚੋਂ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਤੋਂ ਇਲਾਵਾ ਬਾਹਰੋਂ ਵੀ ਮੁਲਾਜ਼ਮ ਪੁੱਜ ਰਹੇ ਹਨ। ਬਾਹਰੋਂ ਆਈ ਸੰਗਤ ਲਈ ਰਿਹਾਇਸ਼ ਅਤੇ ਲੰਗਰ ਦੇ ਸੁਚੱਜੇ ਪ੍ਰਬੰਧ ਕੀਤੇ ਜਾਣਗੇ । ਲੋੜ ਪੈਣ ’ਤੇ ਸੰਗਤ ਦੀ ਰਿਹਾਇਸ਼ ਲਈ ਬਾਹਰ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਪਾਣੀ ਦੀ ਸਪਲਾਈ ਦੇ ਚੰਗੇ ਪ੍ਰਬੰਧ, ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗੇਟਾਂ ’ਤੇ ਸਫ਼ਾਈ ਅਤੇ ਰੰਗ ਰੋਗਨ ਦਾ ਕੰਮ ਕੀਤਾ ਗਿਆ ਹੈ ਤੇ ਸ੍ਰੀ ਦਰਬਾਰ ਸਾਹਿਬ ਦੇ ਗੇਟਾਂ ਦੇ ਬਾਹਰ ਲਾਇਟਾਂ ਲਗਾਈਆਂ ਜਾ ਰਹੀਆਂ ਹਨ।
ਇਤਿਹਾਸਿਕ ਗੁਰੂ ਘਰ
ਸ਼ਹਿਰ ਦੇ ਇਤਿਹਾਸਿਕ ਗੁਰੂ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਣਗੀਆਂ। ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਨੂੰ ਸੁੰਦਰ ਬਿਜਲਈ ਲੜੀਆਂ ਤੇ ਫੁੱਲਾਂ ਆਦਿ ਨਾਲ ਸਜਾਇਆ ਜਾ ਰਿਹਾ ਹੈ। ਓਧਰ ਪ੍ਰਸ਼ਾਸਨ ਵੱਲੋਂ ਵੀ ਮੇਲੇ ’ਤੇ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ।