ਕੋਟਭਾਈ ਪੁਲਿਸ ਦੀ ਵੱਡੀ ਸਫ਼ਲਤਾ, ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ
ਕੋਟਭਾਈ ਪੁਲਿਸ ਦੀ ਵੱਡੀ ਸਫ਼ਲਤਾ, ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ
Publish Date: Fri, 17 Apr 2026 03:48 PM (IST)
Updated Date: Fri, 17 Apr 2026 03:51 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਭਿਮਨਿਊ ਰਾਣਾ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਨਮੀਤ ਸਿੰਘ ਢਿੱਲੋਂ ਐੱਸਪੀ (ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਤੇ ਥਾਣਾ ਕੋਟਭਾਈ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ’ਚ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸਪੀ (ਡੀ) ਨੇ ਦੱਸਿਆ ਕਿ ਮਿਤੀ 16 ਅਪ੍ਰੈਲ 2026 ਨੂੰ ਪਿੰਡ ਕੋਟਭਾਈ ਦੇ ਨਿਵਾਸੀ ਟੇਕ ਸਿੰਘ ਪੁੱਤਰ ਕਰਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਬਜੀਤ ਮਹੰਤ (ਉਮਰ ਕਰੀਬ 37/38 ਸਾਲ) ਦੇ ਘਰ ਦਾ ਦਰਵਾਜ਼ਾ ਨਾ ਖੁੱਲ੍ਹਣ ਤੇ ਜਦੋਂ ਕੁੰਡਾ ਤੋੜ ਕੇ ਅੰਦਰ ਦੇਖਿਆ ਗਿਆ ਤਾਂ ਸਰਬਜੀਤ ਦੀ ਲਾਸ਼ ਕਮਰੇ ’ਚ ਪਈ ਸੀ। ਉਸਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸਤੇ ਪੁਲਿਸ ਵੱਲੋਂ ਥਾਣਾ ਕੋਟਭਾਈ ’ਚ ਮੁਕੱਦਮਾ ਨੰਬਰ 61 (ਧਾਰਾ 103, ਬੀਐਨਐਸ) ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਡੀਐੱਸਪੀ ਗਿੱਦੜਬਾਹਾ ਅਰੁਣ ਮੁੰਡਨ ਦੀ ਨਿਗਰਾਨੀ ਹੇਠ ਪੁਲਿਸ ਨੇ ਟੈਕਨੀਕਲ ਸੈੱਲ ਅਤੇ ਗੁਪਤ ਸੂਚਨਾਵਾਂ ਦੀ ਮਦਦ ਨਾਲ ਕਾਤਲ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੁੱਗ ਪੁੱਤਰ ਸੁਖਦੇਵ ਸਿੰਘ ਨਿਵਾਸੀ ਕੋਟਭਾਈ ਵਜੋਂ ਕੀਤੀ। ਮੁਲਜ਼ਮ ਦੀ ਗ੍ਰਿਫ਼ਤਾਰੀ ਪੁਲਿਸ ਨੇ ਵੱਖ-ਵੱਖ ਟੀਮਾਂ ਗਠਿਤ ਕਰਕੇ ਅੱਜ ਸ਼ੁੱਕਰਵਾਰ 17 ਅਪ੍ਰੈਲ 2026 ਨੂੰ ਛਾਪੇਮਾਰੀ ਕਰਦਿਆਂ ਮੁਲਜ਼ਮ ਗੁਰਮੀਤ ਸਿੰਘ (37 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੁਰਮੀਤ ਸਿੰਘ ਉਰਫ਼ ਗੁੱਗ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੋਟਭਾਈ ਤੇ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ (198/2022) ਦਰਜ ਹੈ। ਪੁਲਿਸ ਅਨੁਸਾਰ ਮੁਲਜ਼ਮ ਕੋਲੋਂ ਕਤਲ ਦੌਰਾਨ ਮ੍ਰਿਤਕਾ ਦੇ ਲੁੱਟੇ ਗਏ ਸੋਨੇ ਦੇ ਗਹਿਣੇ (ਕੰਨਾਂ ਦੀਆਂ ਵਾਲੀਆਂ, ਨੱਕ ਦੀ ਵਾਲੀ), ਮੋਬਾਈਲ ਫ਼ੋਨ ਅਤੇ ਕਤਲ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਬਰਾਮਦ ਕਰਨਾ ਅਜੇ ਬਾਕੀ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।