24 ਨੂੰ ਬਠਿੰਡਾ ਧਰਨੇ ਤੇ 26 ਦੀ ਟਰੈਕਟਰ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ
ਕੇਕੇਯੂ ਵੱਲੋਂ 24 ਨੂੰ ਬਠਿੰਡਾ ਧਰਨੇ ਤੇ 26 ਦੀ ਟਰੈਕਟਰ ਮਾਰਚ ’ਚ ਵੱਡੇ ਪੱਧਰ ’ਤੇ ਕੀਤੀ ਜਾਵੇਗੀ ਸ਼ਮੂਲੀਅਤ
Publish Date: Thu, 22 Jan 2026 04:28 PM (IST)
Updated Date: Fri, 23 Jan 2026 04:03 AM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਦੀ ਅਗਵਾਈ ਹੇਠ ਭਾਈ ਮਹਾ ਸਿੰਘ ਹਾਲ ਵਿਖੇ ਕੀਤੀ ਗਈ। ਮੀਟਿੰਗ ’ਚ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰਦਿਆਂ ਪੱਤਰਕਾਰਾਂ ’ਤੇ ਕੇਸ ਦਰਜ ਅਤੇ ਇਕ ਚੈਨਲ ਨੂੰ ਬੰਦ ਕਰਨ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ 24 ਜਨਵਰੀ ਨੂੰ ਬਠਿੰਡਾ ’ਚ ਡੀਸੀ ਦਫਤਰ ਦੇ ਸਾਹਮਣੇ ਪੱਤਰਕਾਰਾਂ ਦੇ ਹੱਕ ’ਚ ਕੀਤੇ ਜਾ ਰਹੇ ਧਰਨੇ ’ਚ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੱਡੀ ਪੱਧਰ ’ਤੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ ਨੇ ਕਿਹਾ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਫੈਸਲੇ ਲੈਂਦਿਆਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਬਜਟ ਸੈਸ਼ਨ ’ਚ ਲਿਆਉਣ ਦੀ ਬਿਲਕੁਲ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਾਨੂੰਨ ਬਣਨ ਨਾਲ ਨਾ ਸਿਰਫ ਕਿਸਾਨੀ ਤਬਾਹ ਹੋਵੇਗੀ ਬਲਕਿ ਹਰ ਵਰਗ ਤੇ ਵੱਡੇ ਪੱਧਰ ’ਤੇ ਆਰਥਿਕ ਬੋਝ ਪਵੇਗਾ। ਬਿਜਲੀ ਖੇਤਰ ਵੱਡੀਆਂ ਨਿੱਜੀ ਕੰਪਨੀਆਂ ਦੇ ਹਵਾਲੇ ਹੋਣ ਨਾਲ ਜਿੱਥੇ ਬਿਜਲੀ ਦਰਾਂ ’ਚ ਅਥਾਹ ਵਾਧਾ ਹੋਵੇਗਾ ਉਥੇ ਬਿਜਲੀ ਤੇ ਮਿਲਦੀ ਸਬਸਿਡੀ ਬਿਲਕੁਲ ਬੰਦ ਹੋ ਜਾਵੇਗੀ, ਸਿੱਟੇ ਵਜੋਂ ਬਿਜਲੀ ਦੀ ਆਮ ਲੋਕਾਂ ਵੱਲੋਂ ਵਰਤੋਂ ਕਰਨੀ ਲੱਗਭੱਗ ਅਸੰਭਵ ਹੋ ਜਾਵੇਗੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ, ਦਵਿੰਦਰ ਸਿੰਘ ਲਬਾਣਿਆਂਵਾਲੀ, ਜਗਮੀਤ ਸਿੰਘ ਜੰਡੂਕੇ, ਜਸਵੰਤ ਸਿੰਘ ਡੋਡਾਂਵਾਲੀ, ਪ੍ਰਗਟ ਸਿੰਘ ਝਬੇਲਵਾਲੀ, ਗੁਰਸੇਵਕ ਸਿੰਘ ਸੰਗਰਾਣਾ, ਗੁਰਮੀਤ ਸਿੰਘ ਸੰਗਰਾਣਾ ਨੇ ਕਿਹਾ ਕੇਂਦਰ ਸਰਕਾਰ ਨੇ ਭਾਵੇਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਤਿੰਨ ਕਾਨੂੰਨ ਰੱਦ ਕਰ ਦਿੱਤੇ ਸੀ ਪਰ ਹੁਣ ਟੇਡੇ ਢੰਗ ਨਾਲ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ’ਚ ਕਰਵਾਉਣ ਲਈ ਕਿਸਾਨੀ ਤੇ ਵੱਡਾ ਹਮਲਾ ਬੀਜ ਬਿੱਲ ਲਿਆ ਕੇ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੁਨੀਆ ਦੀਆਂ ਵੱਡੀਆਂ ਪੰਜ ਸੱਤ ਕੰਪਨੀਆਂ ਨੇ ਬੀਜ ਤੇ ਦਵਾਈਆਂ ਦੇ ਖੇਤਰ ਤੇ 70% ਕਬਜ਼ਾ ਕੀਤਾ ਹੋਇਆ। ਬੀਜ ਬਿੱਲ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਮੁਸ਼ਕਲ ਹੈ। ਅਮਰੀਕਨ ਸੁੰਡੀ ਗੁਲਾਬੀ ਸੁੰਡੀ ਵਰਗੀਆਂ ਬਿਮਾਰੀਆਂ ਨੇ ਨਰਮਾ ਪੱਟੀ ਨੂੰ ਪੂਰੀ ਤਰ੍ਹਾਂ ਪਹਿਲਾਂ ਹੀ ਤਬਾਹ ਕਰ ਦਿੱਤਾ ਹੈ ਜਿਸ ਕਰਕੇ ਪਹਿਲਾਂ ਹੀ ਕਿਸਾਨੀ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ, ਹੁਣ ਜੇਕਰ ਵਿਦੇਸ਼ੀ ਕੰਪਨੀਆਂ ਦੇ ਬੀਜ ਤੇ ਨਿਰਭਰਤਾ ਹੋਵੇਗੀ ਤਾਂ ਦੇਸ਼ ਦੀ ਕਿਸਾਨੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਆਗੂਆਂ ਨੇ ਕਿਹਾ ਇਹ ਪੂਰੀ ਤਰ੍ਹਾਂ ਸੱਚ ਹੈ ਕਿ ਜਿਸ ਦਾ ਬੀਜ ਤੇ ਕੰਟਰੋਲ ਹੈ ਉਸ ਦਾ ਅਨਾਜ ਤੇ ਵੀ ਕੰਟਰੋਲ ਹੋਵੇਗਾ। ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਲਿਆਉਣ ਦਾ ਮਕਸਦ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਦੇਸੀ ਵਿਦੇਸ਼ੀ ਸਰਮਾਏਦਾਰ ਘਰਾਣਿਆਂ ਦਾ ਕਬਜ਼ਾ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਬਿਜਲੀ ਸੋਧ ਬਿਲ ਬੀਜ ਬਿੱਲ 29 ਕਿਰਤ ਕਾਨੂੰਨ ਤੇ ਮਨਰੇਗਾ ਨੂੰ ਖਤਮ ਕਰਨ ਤੋਂ ਇਲਾਵਾ ਨਿੱਜੀਕਰਨ ਨੀਤੀਆਂ ਦੇ ਖਿਲਾਫ ਟਰੈਕਟਰ ਮਾਰਚ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡੀ ਗਿਣਤੀ ’ਚ ਮਾਰਚ ’ਚ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਫਰਵਰੀ ਮਹੀਨੇ ’ਚ ਜਥੇਬੰਦੀ ਦੀ ਵੱਡੀ ਗਿਣਤੀ ’ਚ ਮੈਂਬਰਸ਼ਿਪ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਰਜ ਲਾਲ ਡੋਡਾਂਵਾਲੀ, ਜਸਪਾਲ ਸਿੰਘ ਬੂੜਾ ਗੁੱਜਰ, ਤੇਜ ਸਿੰਘ ਖਾਲਸਾ, ਸੁਖਦੇਵ ਸਿੰਘ ਝਬੇਲਵਾਲੀ, ਜਸਵਿੰਦਰ ਸਿੰਘ ਭੱਲਾ ਝਬੇਲਵਾਲੀ, ਭੁਪਿੰਦਰ ਸਿੰਘ ਥਾਂਦੇਵਾਲਾ, ਜਸਪਾਲ ਸਿੰਘ ਚੱਕ ਬਾਜਾ, ਸੁਖਵਿੰਦਰ ਸਿੰਘ ਚੱਕ ਬਾਜਾ ਅੰਗਰੇਜ਼ ਸਿੰਘ ਗੋਨਿਆਣਾ ਆਦਿ ਹਾਜ਼ਰ ਸਨ।