- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬੇਡਕਰ ਚੌਂਕ ਪੁਨਰ ਨਿਰਮਾਣ ਲਈ ਕਾਕਾ ਬਰਾੜ ਐੱਮਐੱਲਏ ਹੀ ਆਖਰੀ ਉਮੀਦ : ਢੋਸੀਵਾਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜਗਦੀਪ ਸਿੰਘ ਕਾਕਾ ਬਰਾੜ ਐੱਮਐੱਲਏ ਵਿਧਾਇਕ ਬਣਨ ਤੋਂ ਲੈ ਕੇ ਲਗਾਤਾਰ ਹੁਣ ਤੱਕ ਸਥਾਨਕ ਸ਼ਹਿਰ ਸਮੇਤ ਸਮੁੱਚੇ ਹਲਕੇ ਦੇ ਵਿਕਾਸ ਲਈ ਪੂਰੀ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਯਤਨਸ਼ੀਲ ਹਨ। ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਸਦਕਾ ਨਾਕਸ ਸੀਵਰੇਜ ਸਿਸਟਮ ਦੀ ਮਾਰ ਝੱਲ ਰਹੇ ਸ਼ਹਿਰ ਲਈ ਕਰੋੜਾਂ ਰੁਪਏ ਦੀ ਰਾਸ਼ੀ ਮਨਜੂਰ ਕਰਵਾ ਕੇ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾ ਰਿਹਾ ਹੈ। ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਤੇ ਡੀਸੀ ਦਫਤਰ ਨੂੰ ਜਾਣ ਵਾਲੀ ਸੜਕ ਨਵਿਆਈ ਜਾ ਰਹੀ ਹੈ। ਸ਼ਹਿਰ ਅੰਦਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਸਥਾਪਤ ਕਰਕੇ ਰਾਮਗੜੀਆ ਬਰਾਦਰੀ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਸਤਿਗੁਰੂ ਨਾਮਦੇਵ ਜੀ ਦੀ ਯਾਦ ’ਚ ਯਾਦਗਾਰੀ ਗੇਟ ਦੀ ਉਸਾਰੀ ਦਾ ਵੀ ਕਾਕਾ ਬਰਾੜ ਵੱਲੋਂ ਐਲਾਨ ਕੀਤਾ ਗਿਆ ਹੈ। ਫਰਾਖ ਦਿਲੀ ਅਤੇ ਵਧੀਆ ਸਹਿਯੋਗ ਦਾ ਸਬੂਤ ਦਿੰਦੇ ਹੋਏ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਡਾ. ਅੰਬੇਡਕਰ ਪਾਰਕ ਦੇ ਸੁੰਦਰੀਕਰਨ ਲਈ ਵੀ ਕਾਕਾ ਬਰਾੜ ਐੱਮਐੱਲਏ ਨੇ ਆਰਥਿਕ ਸਹਿਯੋਗ ਵੀ ਦਿੱਤਾ ਸੀ। ਇਸੇ ਤਰ੍ਹਾਂ ਸਥਾਨਕ ਮੁਕਤੇ ਮੀਨਾਰ ਦੀ ਹਾਲਤ ਸੁਧਾਰਨ ਲਈ ਵੀ ਉਨ੍ਹਾਂ ਨੇ ਕਈ ਲੱਖਾਂ ਰੁਪਏ ਦੀ ਰਾਸ਼ੀ ਮਨਜੂਰ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਅਤੇ ਸਮੂਹ ਸੰਸਥਾ ਨੇ ਕਾਕਾ ਬਰਾੜ ਵੱਲੋਂ ਉਠਾਏ ਜਾ ਰਹੇ ਉਕਤ ਸ਼ਲਾਘਾਯੋਗ ਕਦਮਾਂ ਦੀ ਪੁਰਜੋਰ ਪ੍ਰਸ਼ੰਸਾ ਕੀਤੀ ਹੈ। ਅੱਜ ਇਥੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਕਾਕਾ ਬਰਾੜ ਨੇ ਮੁਹੱਲਾ ਬੁੱਧ ਵਿਹਾਰ ਵਿਖੇ ਵੱਡਾ ਟਰਾਂਸਫਾਰਮਰ ਰਖਵਾਇਆ ਹੈ ਅਤੇ ਰਹਿੰਦੀਆਂ ਗਲੀਆਂ ਵਿੱਚ ਇੰਟਰ ਲਾੱਕ ਟਾਇਲਾਂ ਲਗਵਾਉਣ ਦਾ ਵਿਸ਼ਵਾਸ਼ ਵੀ ਦਿਵਾਇਆ ਹੈ। ਪ੍ਰਧਾਨ ਢੋਸੀਵਾਲ ਨੇ ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਨਗਰ ਕੌਂਸਲ ਵੱਲੋਂ ਮਨਜੂਰ ਅਤੇ ਹੁਣ ਢਹਿ ਢੇਰੀ ਹੋ ਚੁੱਕੇ ਡਾ. ਅੰਬੇਡਕਰ ਚੌਂਕ ਦਾ ਪੁਨਰ ਨਿਰਮਾਣ ਕਰਵਾਏ ਜਾਣ ਦੀ ਮੰਗ ਕੀਤੀ। ਢੋਸੀਵਾਲ ਨੇ ਕਿਹਾ ਹੈ ਕਿ ਉਕਤ ਚੌਂਕ ਦੇ ਪੁਨਰ ਨਿਰਮਾਣ ਲਈ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਤੇ ਜਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ। ਪਰੰਤੂ ਮਿੱਠੇ ਲਾਰਿਆਂ ਤੋਂ ਬਿਨ੍ਹਾਂ ਕੁਝ ਵੀ ਪੱਲੇ ਨਹੀਂ ਪਿਆ। ਹੁਣ ਉਕਤ ਚੌਂਕ ਦੇ ਪੁਨਰ ਨਿਰਮਾਣ ਲਈ ਸਿਰਫ਼ ਕਾਕਾ ਬਰਾੜ ਐੱਮਐੱਲਏ ਹੀ ਆਖਰੀ ਉਮੀਦ ਬਚੀ ਹੈ। ਪ੍ਰਧਾਨ ਢੋਸੀਵਾਲ ਨੇ ਕਾਕਾ ਬਰਾੜ ਨੂੰ ਉਕਤ ਅੰਬੇਡਕਰ ਚੌਂਕ ਦਾ ਪੁਨਰ ਨਿਰਮਾਣ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਆਉਂਦੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ-ਪਹਿਲਾਂ ਇਸ ਕਾਰਜ ਨੂੰ ਸੰਪੂਰਨ ਕਰਨ ਦੀ ਬੇਨਤੀ ਕੀਤੀ ਹੈ।