ਮਿੱਠ ਬੋਲੜੇ ਸੁਭਾਅ ਦੇ ਮਲਾਕ ਸਨ ਪੱਤਰਕਾਰ ਵਿਕਾਸ ਭਾਰਦਵਾਜ
ਬੜੇ ਹੀ ਮਿੱਠ ਬੋਲੜੇ ਸੁਭਾਅ ਦੇ ਮਲਾਕ ਸਨ ਪੱਤਰਕਾਰ ਵਿਕਾਸ ਭਾਰਦਵਾਜ
Publish Date: Fri, 20 Feb 2026 03:19 PM (IST)
Updated Date: Fri, 20 Feb 2026 03:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੱਤਰਕਾਰ ਵਿਕਾਸ ਭਾਰਦਵਾਜ ਲੰਬਾ ਸਮਾਂ ਕੈਂਸਰ ਦੀ ਬਿਮਾਰੀ ਨਾਲ ਜਿੰਦਗੀ ਦੀ ਜੰਗ ਲੜਦਿਆਂ 11 ਫਰਵਰੀ 2026 ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਸਨ। ਵਿਕਾਸ ਭਾਰਦਵਾਜ ਵਾਸੀ ਮੰਡੀ ਬਰੀਵਾਲਾ ਦਾ ਜਨਮ 29 ਦਸੰਬਰ 1990 ਈ. ਨੂੰ ਮਾਤਾ ਉਰਮਿਲਾ ਦੇਵੀ ਦੀ ਕੁੱਖੋਂ ਪਿਤਾ ਸ੍ਰੀ ਸਹਿਦੇਵ ਸ਼ਰਮਾ ਦੇ ਗ੍ਰਹਿ ਵਿਖੇ ਹੋਇਆ। ਉਹ ਬੜੇ ਹੀ ਮਿਲਣਸਾਰ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਤੱਕ ਦੀ ਪੜ੍ਹਾਈ ਮੰਡੀ ਬਰੀਵਾਲਾ ਵਿਖੇ ਕੀਤੀ। ਉਸਤੋਂ ਬਾਅਦ ਕੰਪਿਊਟਰ ’ਚ ਦਿਲਚਸਪੀ ਦੇ ਚਲਦਿਆਂ ਉਨ੍ਹਾਂ ਸਰਾਏਨਾਗਾ ਵਿਖੇ ਆਈਟੀਆਈ ’ਚ ਦਾਖਲਾ ਲੈ ਲਿਆ ਅਤੇ ਕੰਪਿਊਟਰ ਦਾ ਡਿਪਲੋਮਾ ਕੀਤਾ। ਕੰਪਿਊਟਰ ’ਚ ਰੂਚੀ ਹੋਣ ਕਰਕੇ ਉਨ੍ਹਾਂ ਮੰਡੀ ਬਰੀਵਾਲਾ ਵਿਖੇ ਸਥਿਤ ਆਪਣੀ ਸ਼ੌਪ ’ਤੇ ਹੀ ਕੰਪਿਊਟਰ ਐਪਲੀਕੇਸ਼ਨ, ਪ੍ਰਿੰਟ ਆਉੂਟ ਸਮੇਤ ਕੰਪਿਊਟਰ ਦੇ ਹੋਰ ਕੰਮ ਕਰਦਿਆਂ ਸਵੈ ਰੁਜ਼ਗਾਰ ਅਪਣਾ ਲਿਆ। ਉਨ੍ਹਾਂ ਦਾ ਕਿੱਤਾ ਕਾਫ਼ੀ ਪ੍ਰਫੁੱਲਤ ਹੋਇਆ। ਨਾਲ ਹੀ ਉਹ ਅਦਾਰਾ ‘ਦੈਨਿਕ ਜਾਗਰਣ’ ’ਚ ਪੱਤਰਕਾਰ ਵਜੋਂ ਸੇਵਾਵਾਂ ਵੀ ਨਿਭਾਉਣ ਲੱਗੇ। ਕਰੀਬ ਦੋ ਕੁ ਸਾਲ ਉਨ੍ਹਾਂ ਦੈਨਿਕ ਜਾਗਰਣ ’ਚ ਸੇਵਾਵਾਂ ਦਿੱਤੀਆਂ ਤੇ ਉਸਤੋਂ ਬਾਅਦ ਜਦ ਜਾਗਰਣ ਗਰੁੱਪ ਵੱਲੋਂ ਆਦਾਰਾ ‘ਪੰਜਾਬੀ ਜਾਗਰਣ ਦੀ ਸ਼ੁਰੂਆਤ ਕੀਤੀ ਤਾਂ ਉਹ ਪੰਜਾਬੀ ਜਾਗਰਣ ਦੇ ਸ਼ੁਰੂਆਤ ਤੋਂ ਹੀ ਪੱਤਰਕਾਰੀ ਵਜੋਂ ਅਦਾਰਾ ‘ਪੰਜਾਬੀ ਜਾਗਰਣ’ ’ਚ ਸੇਵਾਵਾਂ ਨਿਭਾਉਣ ਲੱਗੇ। ਸੰਨ 2006 ਤੋਂ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ, ਜਿਸਦਾ ਇਲਾਜ ਤਕਰੀਬਨ 15 ਸਾਲ ਤੱਕ ਜੈਪੁਰ ਵਿਖੇ ਚਲਦਾ ਰਿਹਾ। ਉਸਤੋਂ ਬਾਅਦ ਪਿਛਲੇ 5 ਸਾਲ ਅਹਿਮਦਾਬਾਦ (ਗੁਜਰਾਤ) ਤੋਂ ਇਲਾਜ ਚਲਦਾ ਰਿਹਾ। ਇਹ ਬਿਮਾਰੀ ਹੋਲੀ ਹੋਲੀ ਵਧਦੀ ਗਈ ਤੇ ਸਾਲ 2024 ’ਚ ਉਨ੍ਹਾਂ ਦੀ ਇਹ ਬਿਮਾਰੀ ਚੌਥੀ ਸਟੇਜ ’ਤੇ ਪਹੁੰਚ ਗਈ। ਵਿਕਾਸ ਭਾਰਦਵਾਜ ਦਾ ਲੰਬਾ ਸਮਾਂ ਇਲਾਜ ਚਲਦਾ ਰਿਹਾ ਪਰ ਆਖਿਰ 11 ਫਰਵਰੀ 2026 ਨੂੰ ਉਹ ਇਸ ਨਾਮੁਰਾਦ ਬਿਮਾਰੀ ਨਾਲ ਜੰਗ ਲੜਦਾ ਹੋਇਆ ਜਿੰਦਗੀ ਹਾਰ ਗਿਆ। ਉਨ੍ਹਾਂ ਲੰਬਾ ਸਮਾਂ ਅਦਾਰੇ ’ਚ ਨਿਰਪੱਖ ਤੇ ਇਮਾਨਦਾਰ ਪੱਤਰਕਾਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਭਰ ਜਵਾਨੀ ’ਚ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਅਸਹਿ ਦੁੱਖ ਹੈ ਉੱਥੇ ਹੀ ਪੱਤਰਕਾਰ ਭਾਈਚਾਰੇ ਨੂੰ ਚੰਗਾ ਸਾਥੀ ਵਿੱਛੜ ਜਾਣ ਦਾ ਭਾਰੀ ਦੁੱਖ ਹੈ। ਉਨ੍ਹਾਂ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਮਿਤੀ 22 ਫਰਵਰੀ 2026 ਦਿਨ ਐਤਵਾਰ ਨੂੰ ਬਾਬਾ ਮੋਡਾ ਜੀ ਸਮਾਧ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।