ਕੈਬਨਿਟ ਮੰਤਰੀ ਖੁੱਡੀਆਂ ਨੇ ਕੀਤਾ ਸਿਹਤ ਬੀਮਾ ਯੋਜਨਾ ਦਾ ਉਦਘਾਟਨ
ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੇ ਕੀਤਾ ਸਿਹਤ ਬੀਮਾ ਯੋਜਨਾ ਦਾ ਉਦਘਾਟਨ
Publish Date: Sat, 07 Feb 2026 06:26 PM (IST)
Updated Date: Sat, 07 Feb 2026 06:29 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ/ਪੰਨੀਵਾਲਾ : ਪਿੰਡ ਮਿੱਡਾ ਵਿਖੇ ਅੱਜ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੇ ਪਹੁੰਚ ਕੇ ਦਸ ਲੱਖ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਗਰੀਬ ਲੋਕਾਂ ਨੂੰ ਬਹੁਤ ਹੀ ਜਿਆਦਾ ਲਾਭ ਹੋਵੇਗਾ ਅਤੇ ਇਹ ਸਕੀਮ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਗਰੀਬ ਲੋਕ ਸਿਰਫ ਇਲਾਜ ਬਿਨਾਂ ਹੀ ਮਰ ਜਾਂਦੇ ਸਨ ਪਰ ਸਾਡੀ ਸਰਕਾਰ ਨੇ ਲੋਕਾਂ ਨੂੰ ਵੱਡੀ ਸਹੂਲਤ ਦੇ ਕੇ ਲੋਕਾਂ ਦਾ ਵੱਡਾ ਫਾਇਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋ ਵੀ ਕਹਿੰਦੀ ਹੈ ਉਹੀ ਕਰਦੀ ਹੈ ਹਰ ਪਿੰਡਾਂ ’ਚ ਸ਼ਹਿਰਾਂ ’ਚ ਵਿਕਾਸ ਦੇ ਕੰਮ ਵੱਡੀ ਗਿਣਤੀ ’ਚ ਚੱਲ ਰਹੇ ਹਨ ਅਤੇ ਪੰਜਾਬ ਸਰਕਾਰ ਜਲਦੀ ਹੀ ਪਿੰਡਾਂ ਸ਼ਹਿਰਾਂ ਦੀ ਨੁਹਾਰ ਬਦਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਣ ਕੁੱਟਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਅਤੇ ਲੋਕਾਂ ਨੂੰ ਲਾਰਿਆਂ ’ਚ ਹੀ ਰੱਖਿਆ ਜਦੋਂ ਕਿ ਸਾਡੀ ਸਰਕਾਰ ਨੇ ਚਾਰ ਸਾਲਾਂ ਦੇ ਵਿੱਚ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਇਸ ਮੌਕੇ ਮਿੱਡਾ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ। ਇਸ ਮੌਕੇ ਸਰਵਨ ਸਿੰਘ ਸਰਪੰਚ ਅਤੇ ਸੁਰਜੀਤ ਸਿੰਘ ਬਲਾਕ ਪ੍ਰਧਾਨ ਨੇ ਵੀ ਸੰਬੋਧਨ ਕੀਤਾ।