ਜਾਮਾ ਮਸਜਿਦ ਦੀ ਇਮਾਰਤ ਅਸੁਰੱਖਿਅਤ, ਵਕਫ਼ ਬੋਰਡ ਨੇ 10 ਪਰਿਵਾਰਾਂ ਨੂੰ ਘਰ ਤੇ ਦੁਕਾਨਾਂ ਖਾਲੀ ਕਰਨ ਲਈ ਕਿਹਾ
ਜਾਮਾ ਮਸਜਿਦ ਦੀ ਇਮਾਰਤ ਅਸੁਰੱਖਿਅਤ, ਵਕਫ਼ ਬੋਰਡ ਨੇ 10 ਪਰਿਵਾਰਾਂ ਨੂੰ ਘਰ ਤੇ ਦੁਕਾਨਾਂ ਖਾਲੀ ਕਰਨ ਲਈ ਕਿਹਾ
Publish Date: Wed, 25 Feb 2026 07:29 PM (IST)
Updated Date: Wed, 25 Feb 2026 07:31 PM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਰੇਲਵੇ ਰੋਡ ਤੇ ਸਥਿਤ ਜਾਮਾ ਮਸਜਿਦ ’ਚ ਬਣੇ ਮਕਾਨਾਂ ’ਚ ਰਹਿਣ ਵਾਲੇ 10 ਪਰਿਵਾਰਾਂ ਅਤੇ ਤਿੰਨ ਦੁਕਾਨਦਾਰਾਂ ਨੂੰ ਵਕਫ਼ ਬੋਰਡ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਘਰ ਅਤੇ ਦੁਕਾਨਾਂ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ 75 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਰਹਿਣ ਲਈ ਕੋਈ ਹੋਰ ਜਗ੍ਹਾ ਨਹੀਂ ਹੈ। ਵਕਫ਼ ਬੋਰਡ ਦੀ ਸਟੇਟ ਅਫਸਰ ਆਕਾਸ਼ ਜੋਤ ਕੌਰ ਨੇ ਕਿਹਾ ਕਿ ਮਸਜਿਦ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ ਅਤੇ ਡੇਢ ਸਾਲ ਪਹਿਲਾਂ ਪੀਡਬਲਯੂਡੀ ਵਿਭਾਗ ਨੇ ਇਸਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਧਰ ਮਸਜਿਦ ਵਿੱਚ ਰਹਿਣ ਵਾਲੇ ਪਰਿਵਾਰਾਂ ਨੇ ਕਿਹਾ ਅਸੀਂ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਾਂ। ਸਾਡੇ ਕੋਲ ਰਹਿਣ ਲਈ ਕੋਈ ਹੋਰ ਜਗ੍ਹਾ ਨਹੀਂ ਹੈ। ਵਕਫ਼ ਬੋਰਡ ਨੂੰ ਸਾਨੂੰ ਕਿਤੇ ਹੋਰ ਜਗ੍ਹਾ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਮਸਜਿਦ ਵਿੱਚ ਲਗਭਗ 20 ਪਰਿਵਾਰ ਰਹਿੰਦੇ ਹਨ ਅਤੇ ਕੁਝ ਹੋਰ ਦੁਕਾਨਾਂ ਵੀ ਮਸਜਿਦ ਦੀ ਜਗ੍ਹਾ ’ਚ ਚੱਲ ਰਹੀਆਂ ਹਨ। ਵਕਫ਼ ਬੋਰਡ ਵੱਲੋਂ ਕਈ ਸਾਲਾਂ ਤੋਂ ਉਕਤ ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਘਰ ਅਤੇ ਦੁਕਾਨਾਂ ਨੂੰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਜਿਸਦੇ ਚਲਦਿਆਂ ਕੁਝ ਪਰਿਵਾਰਾਂ ਅਤੇ ਦੁਕਾਨਦਾਰਾਂ ਵੱਲੋਂ ਮਾਮਲਾ ਅਦਾਲਤ ’ਚ ਲਿਜਾਇਆ ਗਿਆ ਹੈ। ਲੋਕਾਂ ਬੋਲੇ, ਘਰ ਖਾਲੀ ਨਹੀਂ ਕਰਾਂਗੇ ਅਮਰਜੀਤ ਕੌਰ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦੇ ਪੁਰਖੇ ਪਾਕਿਸਤਾਨ ਤੋਂ ਆਏ ਸਨ। ਉਹ ਪੀੜ੍ਹੀਆਂ ਤੋਂ ਇੱਥੇ ਰਹਿ ਰਹੇ ਹਨ। ਪਰ ਵਕਫ਼ ਬੋਰਡ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਲਗਾਤਾਰ ਨੋਟਿਸ ਜਾਰੀ ਕਰ ਰਿਹਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡੇ ਕੋਲ ਰਹਿਣ ਲਈ ਕੋਈ ਹੋਰ ਜਗ੍ਹਾ ਨਹੀਂ ਹੈ। ਵਿਭਾਗ ਨੂੰ ਜਾਂ ਤਾਂ ਉਨ੍ਹਾਂ ਕੋਈ ਜਗ੍ਹਾ ਲੈ ਕੇ ਦੇਵੇ ਤੇ ਉਨ੍ਹਾਂ ਨੂੰ ਨਵਾਂ ਘਰ ਮੁਹੱਈਆ ਕਰਵਾਏ। ਬਜ਼ੁਰਗ ਸ਼ਰਨਜੀਤ ਕੌਰ ਨੇ ਕਿਹਾ ਕਿ ਉਹ ਇੱਥੇ 75 ਸਾਲਾਂ ਤੋਂ ਰਹਿ ਰਹੀ ਹੈ। ਹਰ ਰੋਜ਼ ਉਸਨੂੰ ਘਰ ਖਾਲੀ ਕਰਨ ਲਈ ਨੋਟਿਸ ਮਿਲਦੇ ਹਨ। ਉਸਦੀ ਤੀਜੀ ਪੀੜ੍ਹੀ ਇਸ ਘਰ ਵਿੱਚ ਰਹਿ ਰਹੀ ਹੈ। ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣ ਉਨ੍ਹਾਂ ਕੋਲ ਹੋਰ ਕੋਈ ਜਗ੍ਹਾ ਨਹੀਂ ਹੈ। ਬਜ਼ੁਰਗ ਰਾਣੀ ਨੇ ਕਿਹਾ ਕਿ ਉਹ ਇਸ ਘਰ ਵਿੱਚ 70 ਸਾਲਾਂ ਤੋਂ ਰਹਿ ਰਹੇ ਹਨ। ਵਕਫ਼ ਬੋਰਡ ਨੇ ਉਨ੍ਹਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਘਰ ਖਾਲੀ ਕਰਨ ਲਈ ਕਿਹਾ ਹੈ। ਉਹ ਬਜ਼ੁਰਗ ਹੈ ਅਤੇ ਉਸਦਾ ਪਤੀ ਅਪਾਹਜ ਹੈ। ਉਨ੍ਹਾਂ ਦੇ ਕੋਈ ਬੱਚੇ ਨਹੀਂ ਹਨ। ਇਸ ਮਾੜੀ ਹਾਲਤ ਵਿੱਚ ਉਹ ਕਿੱਥੇ ਜਾ ਸਕਦੀ ਹੈ? ਅਸੀਂ ਬੋਰਡ ਨੂੰ ਅਪੀਲ ਕੀਤੀ ਹੈ ਕਿ ਸਾਡੇ ਲਈ ਕੁਆਰਟਰ ਬਣਾਏ ਜਾਣ ਤਾਂ ਜੋ ਅਸੀਂ ਉੱਥੇ ਰਹਿ ਸਕੀਏ। ਸ਼ਕਤੀ ਨੇ ਕਿਹਾ ਕਿ ਉਹ ਇਸ ਮਸਜਿਦ ਵਿੱਚ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਵਕਫ਼ ਬੋਰਡ ਵੱਲੋਂ ਉਸਨੂੰ ਨੋਟਿਸ ਜਾਰੀ ਕੀਤਾ ਹੈ। ਇਸਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ। ਪਾਣੀ ਦੀ ਕਿੱਲਤ ਸਮੇਤ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸਨੇ ਬੋਰਡ ਨੂੰ ਅਪੀਲ ਕੀਤੀ ਕਿ ਉਸਨੂੰ ਕਿਤੇ ਹੋਰ ਰਹਿਣ ਲਈ ਜਗ੍ਹਾ ਦਿੱਤੀ ਜਾਵੇ। ਉਸਨੇ ਕਿਹਾ ਕਿ ਉਸਦੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਇਮਾਰਤ ਅਸੁਰੱਖਿਅਤ ਹੈ, ਘਰ ਖਾਲੀ ਕਰਨੇ ਪੈਣਗੇ : ਅਧਿਕਾਰੀ ਜਦੋਂ ਵਕਫ਼ ਬੋਰਡ ਦੀ ਸਟੇਟ ਅਫ਼ਸਰ ਆਕਾਸ਼ ਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਸਜਿਦ ਦੀ ਇਮਾਰਤ ਜਿੱਥੇ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਘਰ ਬਹੁਤ ਖਸਤਾ ਹਾਲਤ ਵਿੱਚ ਹਨ। ਇਹ ਇਮਾਰਤ ਡੇਢ ਸਾਲ ਪਹਿਲਾਂ ਹੀ ਪੀਡਬਲਯੂਡੀ ਵਿਭਾਗ ਨੇ ਅਸੁਰੱਖਿਅਤ ਘੋਸ਼ਿਤ ਕਰ ਦਿੱਤੀ ਸੀ। 2024 ਵਿੱਚ, ਮਸਜਿਦ ਦੇ ਵਸਨੀਕਾਂ ਨੂੰ ਇੱਕ ਨੋਟਿਸ ਰਾਹੀਂ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ, ਅਸੀਂ ਨਿਵਾਸੀਆਂ ਨੂੰ ਇਮਾਰਤ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਰਹੇ ਹਾਂ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਵਸਨੀਕ ਵਕਫ਼ ਬੋਰਡ ਦੀ ਜ਼ਮੀਨ ਤੇ ਰਹਿ ਰਹੇ ਹਨ। ਫਿਲਹਾਲ ਉਨ੍ਹਾਂ ਨੂੰ ਕਿਤੇ ਹੋਰ ਕੁਆਰਟਰ ਜਾਂ ਹੋਰ ਰਿਹਾਇਸ਼ ਪ੍ਰਦਾਨ ਕਰਨ ਦੀ ਕੋਈ ਯੋਜਨਾ ਨਹੀਂ ਹੈ।