ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Mon, 09 Mar 2026 04:16 PM (IST)
Updated Date: Mon, 09 Mar 2026 04:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਕਾਲਜ ਪ੍ਰਿੰਸੀਪਲ ਅਤੇ ਡਾਇਰੈਕਟਰ ਡਾ. ਐਸਐਸ ਸੰਘਾ ਦੀ ਰਹਿਨੁਮਾਈ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਜਨਰਲ ਸੈਕਟਰੀ ਗੁਰਚਰਨ ਸਿੰਘ ਨੇ ਸ਼ਿਰਕਤ ਕੀਤੀ। ਸਕਿੱਟ ‘ਬੈਠਕ ਮਾਸੀ ਦੀ’ ਵਿੱਚ ਔਰਤ ਦੇ ਵਜੂਦ ਨੂੰ ਭਾਵਪੂਰਤ ਅਤੇ ਵਿਅੰਗਾਤਮਕ ਢੰਗ ਨਾਲ ਸਮਝਾਇਆ ਗਿਆ ਜਿਸ ’ਚ ਪ੍ਰਮੁੱਖ ਭੂਮਿਕਾ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਦੀ ਰਹੀ। ਪੰਜਾਬੀ ਵਿਭਾਗ ਦੇ ਡਾ. ਵੀਰਪਾਲ ਕੌਰ ਨੇ ਸਵੈ ਰਚਿਤ ਕਵਿਤਾ ਅਤੇ ਪ੍ਰੋ. ਹਰਪ੍ਰੀਤ ਕੌਰ ਨੇ ਔਰਤ ਸੰਵੇਦਨਾ ਨੂੰ ਪ੍ਰਗਟ ਕਰਦੀ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਪੇਸ਼ ਕੀਤੀ। ਵਾਈਸ ਪ੍ਰਿੰ. ਇੰਦਰਾ ਪਾਹੂਜਾ ਨੇ ਔਰਤ ਦੀ ਮਿਥਿਹਾਸਿਕ ਭੂਮਿਕਾ ਅਤੇ ਅੱਜ ਦੀ ਸਵੈ ਨਿਰਭਰ ਔਰਤ ਦੇ ਯਥਾਰਥਕ ਹਾਲਾਤਾਂ ਨੂੰ ਪੇਸ਼ ਕੀਤਾ। ਫੈਸ਼ਨ ਡਿਜਾਇਨਿੰਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਫੈਸ਼ਨ ਸ਼ੋਅ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਵਿਦਿਆਰਥਣਾਂ ਨੇ ਖੁਦ ਤਿਆਰ ਕੀਤੀਆਂ ਡਰੈਸਜ਼ ਦੀ ਨੁਮਾਇਸ਼ ਕੀਤੀ। ਸੁਖਬੀਰ ਕੌਰ ਨੇ ਹਿੰਦੀ ਗੀਤ ਪੇਸ਼ ਕੀਤਾ। ਕਾਲਜ ਦੀ ਸੰਮੀ ਟੀਮ ਨੇ ਸੰਮੀ ਲੋਕ ਨਾਚ ਪੇਸ਼ ਕੀਤਾ। ਹਰਪ੍ਰੀਤ ਕੌਰ ਨੇ ਗੁਰੂ ਨਾਨਕ ਸਾਹਿਬ ਦੀ ਔਰਤ ਸਬੰਧੀ ਸੋਚ ਨੂੰ ਪੇਸ਼ ਕਰਦੇ ਹੋਏ ਆਪਣੀ ਕਵਿਤਾ ‘ਨਾਨਕ’ ਰਾਹੀਂ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ’ਚ ਪ੍ਰਿੰ. ਡਾ. ਐਸਐਸ ਸੰਘਾ ਨੇ ਵਿਦਿਆਰਥਣਾਂ ਨੂੰ ਹਰ ਖੇਤਰ ’ਚ ਅੱਗੇ ਵਧਣ ਲਈ ਸਵੈ ਵਿਸ਼ਵਾਸ ਨਾਲ ਜਿੰਦਗੀ ਵਿੱਚ ਵਿਚਰਨ ਲਈ ਪ੍ਰੇਰਿਆ। ਰਮਨ ਸਿੱਧੂ ਨੇ ਸਟੇਜ ਸੰਚਾਲਨ ਕੀਤਾ।