ਗੁਰੂ ਨਾਨਕ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ
ਗੁਰੂ ਨਾਨਕ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ
Publish Date: Sat, 21 Feb 2026 04:38 PM (IST)
Updated Date: Sat, 21 Feb 2026 04:39 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਪੰਜਾਬੀ ਸਾਹਿਤ ਸਭਾ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸੰਸਕ੍ਰਿਤ ਭਾਰਤੀ ਪੰਜਾਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇੱਕ ਰੋਜ਼ਾ ਪ੍ਰਸਾਰ ਭਾਸ਼ਣ ਆਯੋਜਿਤ ਕੀਤਾ ਗਿਆ। ਪ੍ਰਸਾਰ ਭਾਸ਼ਣ ਦਾ ਵਿਸ਼ਾ ‘ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾ: ਅੰਤਰ-ਸੰਬੰਧ’ ਨਾਲ ਸੰਬੰਧਿਤ ਸੀ। ਜਿਸ ਬਾਰੇ ਮੁੱਖ ਵਕਤਾ ਰਮਨਦੀਪ ਕੌਰ ਨੇ ਵਿਸਥਾਰਿਤ ਚਰਚਾ ਕੀਤੀ। ਪ੍ਰੋਗਰਾਮ ਦਾ ਆਗਾਜ਼ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ’ ਹੇ ਮੇਰੀ ਮਾਤ ਬੋਲੀ’ ਸੁਣਾ ਕੇ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਵਕਤਾ ਰਮਨਦੀਪ ਕੌਰ ਨੇ ਆਪਣੇ ਸੰਬੋਧਨ ਦੌਰਾਨ ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾ ਦੇ ਅੰਤਰ ਸਬੰਧ ਨੂੰ ਵਿਸਥਾਰ ’ਚ ਸਮਝਾਇਆ। ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਭਾਸ਼ਾ ਲਈ ਕੀਤੇ ਯਤਨਾਂ ਦੀ ਚਰਚਾ ਵਿਸਥਾਰ ਰੂਪ ’ਚ ਕੀਤੀ। ਇਸ ਪ੍ਰੋਗਰਾਮ ’ਚ ਪੰਜਾਬੀ ਸਾਹਿਤ ਸਭਾ ਦੇ ਮੈਂਬਰ, ਬੀਏ ਸਮੈਸਟਰ ਦੂਜਾ ਚੌਥਾ ਅਤੇ ਛੇਵਾਂ ਦੇ ਚੋਣਵੀਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਿਆਰਥੀ ਅਤੇ ਐਮਏ ਸਮੈਸਟਰ ਦੂਜਾ ਅਤੇ ਚੌਥਾ ਦੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਵਿੰਦਰ ਸਿੰਘ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਅਤੇ ਭਾਸ਼ਾ ਦੇ ਵਿਕਾਸ ਰਾਹੀਂ ਚਰਚਾ ਕਰਦਿਆਂ ਬਾਖ਼ੂਬੀ ਨਿਭਾਈ ਗਈ। ਵਿਭਾਗ ਦੇ ਮੁਖੀ ਡਾ. ਰਾਣਾ ਬਲਜਿੰਦਰ ਕੌਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਮਨਾਇਆ ਜਾਂਦਾ ਹੈ। ਪ੍ਰੋਗਰਾਮ ਦੇ ਅਖ਼ੀਰ ’ਚ ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ, ਅਧਿਆਪਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ।