ਆਈਜੀ ਫ਼ਰੀਦਕੋਟ ਤੇ ਐੱਸਐੱਸਪੀ ਵੱਲੋਂ ਥਾਣਾ ਸਿਟੀ, ਬੱਸ ਸਟੈਂਡ ਚੌਕੀ ਤੇ ਨਾਕਿਆਂ ਦੀ ਅਚਾਨਕ ਚੈਕਿੰਗ
ਆਈਜੀ ਫਰੀਦਕੋਟ ਅਤੇ ਐਸਐਸਪੀ ਵੱਲੋਂ ਥਾਣਾ ਸਿਟੀ, ਬੱਸ ਸਟੈਂਡ ਚੌਂਕੀ ਤੇ ਨਾਕਿਆਂ ਦੀ ਅਚਾਨਕ ਚੈਕਿੰਗ
Publish Date: Fri, 06 Mar 2026 05:50 PM (IST)
Updated Date: Fri, 06 Mar 2026 05:54 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਈਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਵਿਜੇ ਅਤੇ ਸੀਨੀਅਰ ਪੁਲਿਸ ਕਪਤਾਨ ਅਭਿਮਨਿਉ ਰਾਣਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਬੱਸ ਸਟੈਂਡ ਚੌਂਕੀ ਅਤੇ ਸ਼ਹਿਰ ਦੇ ਵੱਖ-ਵੱਖ ਸੁਰੱਖਿਆ ਨਾਕਿਆਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਆਈਜੀ ਫਰੀਦਕੋਟ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣਾ ਅਤੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਥਾਣਿਆਂ ਅਤੇ ਨਾਕਿਆਂ ਦੀ ਅਚਾਨਕ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪੁਲਿਸ ਪ੍ਰਬੰਧਾਂ ਦੀ ਪ੍ਰਭਾਵਸ਼ਾਲੀ ਮਾਨੀਟਰਿੰਗ ਕੀਤੀ ਜਾ ਸਕੇ। ਚੈਕਿੰਗ ਦੌਰਾਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅੰਦਰ ਮੌਜੂਦ ਅਸਲਾ, ਜੀਓ ਮੈੱਸ, ਮਾਲਖਾਨਾ, ਡਾਕ ਰਜਿਸਟਰ, ਰਿਕਾਰਡ ਰੂਮ, ਥਾਣਾ ਬਿਲਡਿੰਗ ਅਤੇ ਸੀਸੀਟੀਵੀ ਕੈਮਰਿਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਇਸਦੇ ਨਾਲ ਹੀ ਥਾਣੇ ਵਿੱਚ ਆਉਣ ਵਾਲੇ ਆਮ ਨਾਗਰਿਕਾਂ ਲਈ ਬੈਠਕ ਦੀ ਵਿਵਸਥਾ, ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਲਈ ਗਈ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਤਫ਼ਤੀਸ਼ ਅਧੀਨ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤਕਰਤਾ ਨੂੰ ਬਿਨਾਂ ਵਜ੍ਹਾ ਥਾਣੇ ਦੇ ਚੱਕਰ ਨਹੀਂ ਲਗਵਾਏ ਜਾਣੇ ਚਾਹੀਦੇ ਅਤੇ ਹਰ ਮਾਮਲੇ ਨੂੰ ਕਾਨੂੰਨ ਅਨੁਸਾਰ ਪਾਰਦਰਸ਼ੀ ਢੰਗ ਨਾਲ ਨਿਪਟਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਡਿਊਟੀ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ , ਜਦਕਿ ਵਧੀਆ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਚੈਕਿੰਗ ਦੌਰਾਨ ਖ਼ਾਸ ਤੌਰ ’ਤੇ ਮਹਿਲਾ ਸੁਰੱਖਿਆ ਸੰਬੰਧੀ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਥਾਣਿਆਂ ’ਚ ਮਹਿਲਾ ਸ਼ਿਕਾਇਤਾਂ ਦੀ ਸੁਣਵਾਈ ਲਈ ਖ਼ਾਸ ਤੌਰ ’ਤੇ ਲੇਡੀ ਪੁਲਿਸ ਸਟਾਫ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਮਹਿਲਾਵਾਂ ਆਪਣੀਆਂ ਸਮੱਸਿਆਵਾਂ ਬਿਨਾਂ ਕਿਸੇ ਡਰ ਦੇ ਦਰਜ ਕਰਵਾ ਸਕਣ। ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਪੁਲਿਸ ਵੱਲੋਂ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਨਾਕਿਆਂ ’ਤੇ ਡਿਊਟੀ, ਰਿਕਾਰਡ ਤੇ ਚੈਕਿੰਗ ਪ੍ਰਕਿਰਿਆ ਦੀ ਲਈ ਜਾਣਕਾਰੀ ਇਸਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸੁਰੱਖਿਆ ਨਾਕਿਆਂ ਦੀ ਵੀ ਵਿਸਥਾਰ ਨਾਲ ਜਾਂਚ ਕੀਤੀ ਗਈ। ਨਾਕਿਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ, ਰਿਕਾਰਡ ਅਤੇ ਚੈਕਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਗਈ। ਆਈਜੀ ਫਰੀਦਕੋਟ ਰੇਂਜ ਵੱਲੋਂ ਪੀਸੀਆਰ ਮੋਟਰਸਾਈਕਲਾਂ ’ਤੇ ਤਾਇਨਾਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਰਿਸਪਾਂਸ ਟਾਈਮ ਬਾਰੇ ਪੁੱਛਿਆ ਗਿਆ। ਉਨ੍ਹਾਂ ਪੁੱਛਿਆ ਕਿ ਜੇਕਰ ਕਿਸੇ ਵੀ ਥਾਂ ਤੇ ਅਪਰਾਧਿਕ ਘਟਨਾ ਜਾਂ ਐਮਰਜੈਂਸੀ ਸਥਿਤੀ ਪੈਦਾ ਹੋਵੇ ਤਾਂ ਪੀਸੀਆਰ ਟੀਮ ਕਿੰਨੇ ਸਮੇਂ ਵਿੱਚ ਮੌਕੇ ’ਤੇ ਪਹੁੰਚਦੀ ਹੈ ਅਤੇ ਕਿਸ ਤਰੀਕੇ ਨਾਲ ਆਪਣੀ ਕਾਰਵਾਈ ਕਰਦੀ ਹੈ। ਪੀਸੀਆਰ ਮੋਟਰਸਾਈਕਲ ਟੀਮਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸ਼ਹਿਰ ਅੰਦਰ ਗਸ਼ਤ ਨੂੰ ਹੋਰ ਵਧਾਉਣ ਅਤੇ ਖ਼ਾਸ ਕਰਕੇ ਰਾਤ ਦੇ ਸਮੇਂ ਵਧੇਰੇ ਚੌਕਸੀ ਰੱਖਣ। ਨਸ਼ਿਆਂ ਤੇ ਅਪਰਾਧਿਕ ਤੱਤਾਂ ਖ਼ਿਲਾਫ਼ ਮੁਹਿੰਮ ਰਹੇਗੀ ਜਾਰੀ : ਐੱਸਐੱਸਪੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਅੰਦਰ ਨਸ਼ਿਆਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਾਕਾਬੰਦੀ, ਗਸ਼ਤ ਅਤੇ ਅਚਾਨਕ ਚੈਕਿੰਗ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਮੌਕੇ ਹਰਕਮਲ ਕੌਰ ਐਸਪੀ (ਐਚ), ਹਰਜੀਤ ਸਿੰਘ ਡੀਐਸਪੀ, ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਅਖੀਰ ’ਚ ਪੁਲਿਸ ਅਧਿਕਾਰੀਆਂ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਚੱਲ ਰਹੀ ਪੁਲਿਸ ਮੁਹਿੰਮ ’ਚ ਆਪਣਾ ਸਹਿਯੋਗ ਦੇਣ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਅਪਰਾਧਿਕ ਗਤੀਵਿਧੀ ਜਾਂ ਨਸ਼ਿਆਂ ਦੇ ਵਪਾਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਹੈਲਪਲਾਈਨ 8054942100, ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ 9779-100-200 ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇਣ ਲਈ 93946-93946 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।