ਕਬਰਵਾਲਾ, ਗੁਰੂਸਰ, ਪੱਕੀ ਟਿੱਬੀ ਤੇ ਮਲੂਕਪੁਰਾ ’ਚ ਸੈਂਕੜੇ ਏਕੜ ਕਣਕ ਅੱਗ ਭੇਟ ਚੜ੍ਹੀ
ਕਬਰਵਾਲਾ, ਗੁਰੂਸਰ, ਪੱਕੀ ਟਿੱਬੀ ਤੇ ਮਲੂਕਪੁਰਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ ਭੇਟ ਚੜ੍ਹੀ
Publish Date: Fri, 17 Apr 2026 06:55 PM (IST)
Updated Date: Fri, 17 Apr 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੰਬੀ : ਸ਼ੁੱਕਰਵਾਰ ਨੂੰ ਨੇੜਲੇ ਪਿੰਡਾਂ ਕਬਰਵਾਲਾ, ਗੁਰੂਸਰ, ਪੱਕੀ ਟਿੱਬੀ ਦੀ ਸੈਂਕੜੇ ਏਕੜ ਕਣਕ ਅੱਗ ਦੀ ਲਪੇਟ ਵਿੱਚ ਆ ਗਈ। ਕਿਸਾਨ ਜੁਗਰਾਜ ਸਿੰਘ ਕਬਰਵਾਲਾ, ਸਵਰਨ ਸਿੰਘ ਬਲ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਕਿਸਾਨਾਂ ਨੇ ਵੀ ਕਿਹਾ ਕਿ ਸਵੇਰੇ 11 ਕੁ ਵਜੇ ਬਿਜਲੀ ਦੀਆਂ ਤਾਰਾਂ ਤੋਂ ਡਿੱਗੀ ਚੰਗਿਆੜੀ ਕਰਕੇ ਬਿਲਕੁਲ ਤਿਆਰ ਅਤੇ ਸੁੱਕੀ ਹੋਈ ਕਣਕ ਨੂੰ ਇਕਦਮ ਅਜਿਹੀ ਅੱਗ ਪਈ ਕਿ ਬਹੁਤ ਥੋੜੇ ਸਮੇਂ ਵਿੱਚ ਦੇਖ ਹੀ ਦੇਖਦੇ ਸੈਂਕੜੇ ਏਕੜ ਕਣਕ ਅੱਗ ਦੀ ਲਪੇਟ ’ਚ ਆ ਗਈ। ਆਗੂਆਂ ਤੇ ਕਿਸਾਨਾਂ ਨੇ ਵੀ ਦੱਸਿਆ ਕਿ ਹਰ ਰੋਜ਼ ਸਵੇਰੇ 9 ਵਜੇ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਪਰ ਅੱਜ ਲਾਈਟ ਬੰਦ ਨਹੀਂ ਕੀਤੀ ਗਈ। ਲਗਭਗ 11 ਵਜੇ ਦੇ ਕਰੀਬ ਇਹ ਇੱਕ ਚੰਗਿਆੜੀ ਅਜਿਹੀ ਡਿੱਗੀ ਅਤੇ ਤੇਜ਼ ਹਵਾ ਜੋ ਬਾਅਦ ’ਚ ਹਨੇਰੀ ਦਾ ਰੂਪ ਧਾਰਨ ਕਰ ਗਈ ਜਿਸਨੇ ਸੈਂਕੜੇ ਏਕੜ ਕਣਕ ਨੂੰ ਤਬਾਹ ਕਰ ਦਿੱਤਾ। ਪਿੰਡ ਕਬਰਵਾਲਾ ਤੋਂ ਇਲਾਵਾ ਗੁਰੂਸਰ ਪਿੰਡ ਅਤੇ ਪੱਕੀ ਟਿੱਬੀ ਪਿੰਡ ਤੋਂ ਇਲਾਵਾ ਨੇੜੇ ਦੇ ਇੱਕ ਹੋਰ ਪਿੰਡ ਮਲੂਕਪੁਰ ਦੇ ਕਿਸਾਨਾਂ ਦੀ ਕਣਕ ਵੀ ਇਸ ਅੱਗ ਦੀ ਲਪੇਟ ’ਚ ਆ ਗਈ। ਕਿਸਾਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਲੋਟ ਸ਼ਹਿਰ ਤੋਂ ਲਗਭਗ ਡੇਢ ਡੇਢ ਘੰਟੇ ਬਾਅਦ ਇੱਥੇ ਪਹੁੰਚੀਆਂ ਅਤੇ ਅੱਗ ਬਚਾਉਣ ਵਿੱਚ ਸਹਾਇਤਾ ਕੀਤੀ। ਪਿੰਡਾਂ ਦੇ ਲੋਕਾਂ ਨੇ ਵੀ ਜਦੋਂ ਇਸ ਅੱਗ ਬਾਰੇ ਪਤਾ ਲੱਗਿਆ ਤਾਂ ਇਕੱਠੇ ਹੋ ਕੇ ਇਸ ਅੱਗ ਤੇ ਕਾਬੂ ਪਾਉਣ ਦੇ ਯਤਨ ਕੀਤੇ ਸੜਕਾਂ ਦੇ ਕਿਨਾਰੇ ਬਹੁਤੀ ਥਾਂ ਨਾ ਹੋਣ ਕਰਕੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ਵਿੱਚ ਸਮਾਂ ਲੱਗ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਇੱਕ ਦਮ ਹੋਏ ਕਣਕ ਤੇ ਫਸਲ ਦਾ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।