ਮਾਨਵਤਾ ਸੇਵਾ ਆਸ਼ਰਮ ਬੇਸਹਾਰਾ ਬੱਚਿਆਂ ਤੇ ਔਰਤਾਂ ਦੇ ਸੁਪਨਿਆਂ ਦਾ ਘਰ ਤਿਆਰ : ਡਾ. ਪਰੂਥੀ
ਮਾਨਵਤਾ ਸੇਵਾ ਆਸ਼ਰਮ ਬੇਸਹਾਰਾ ਬੱਚਿਆਂ ਤੇ ਔਰਤਾਂ ਦੇ ਸੁਪਨਿਆਂ ਦਾ ਘਰ ਤਿਆਰ : ਡਾ.ਪਰੂਥੀ
Publish Date: Tue, 24 Mar 2026 03:57 PM (IST)
Updated Date: Tue, 24 Mar 2026 03:58 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਨੂੰ ਸਮਰਪਿਤ ਇਲਾਕੇ ਦੇ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਅਨਾਥ ਬੇਸਹਾਰਾ ਲੋੜਵੰਦ ਅਤੇ ਅਣਗੋਲੇ ਬੱਚਿਆਂ ਅਤੇ ਔਰਤਾਂ ਲਈ 2015 ਤੋਂ ਉਦੇਕਰਨ ਰੋਡ ਵਿਖੇ ਕਿਰਾਏ ਦੀ ਬਿਲਡਿੰਗ ਵਿੱਚ ਮਾਨਵਤਾ ਬਾਲ ਆਸ਼ਰਮ ਚਲਾਇਆ ਜਾ ਰਿਹਾ ਸੀ। ਬੀਤੇ ਸਾਲ ਮਿਤੀ-29.01.2025 ਨੂੰ ਮੌਜੂਦਾ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵੱਲੋਂ ਸੰਗੂਧੌਣ/ਡੀਸੀ ਦਫਤਰ ਰੋਡ ’ਤੇ ਮਾਨਵਤਾ ਸੇਵਾ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਬੀਤੇ ਹਫਤੇ ਲੋਕਾਂ ਦੀ ਸਹਿਯੋਗ ਨਾਲ ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਬਿਲਡਿੰਗ ਤਿਆਰ ਹੋ ਚੁੱਕੀ ਹੈ ਅਤੇ ਬੱਚਿਆਂ ਨੂੰ ਇਸ ਬਿਲਡਿੰਗ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾਕਟਰ ਨਰੇਸ਼ ਪਰੂਥੀ ਨੇ ਦੱਸਿਆ ਕਿ ਇਸ ਨਵੀਂ ਬਿਲਡਿੰਗ ਲਗਭਗ 5-6 ਕਨਾਲਾ ਵਿੱਚ ਬਣੀ ਹੋਈ ਹੈ। ਜਿਸ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਮਾਜਿਕ ਸਰੁੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਨਿਯਮਾਂ ਅਨੁਸਾਰ ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਇਸ ਵਿੱਚ ਬੱਚਿਆਂ ਲਈ ਰਹਿਣ ਲਈ ਕਮਰੇ, ਕੌਂਸਲਿੰਗ ਰੂਮ, ਫਸਟ ਐਡ ਰੂਮ, ਲਾਇਬਰੇਰੀ, ਕ੍ਰਿਕਰੇਸ਼ਨ ਹਾਲ ਆਦਿ ਬਣਾਏ ਗਏ ਹਨ। ਇਸਤੋਂ ਇਲਾਵਾ ਬੱਚਿਆਂ ਦੇ ਖੇਲਣ ਲਈ ਖੁੱਲਾ ਗਰਾਊਂਡ ਵੀ ਤਿਆਰ ਕੀਤਾ ਗਿਆ ਹੈ। ਡਾ. ਪਰੂਥੀ ਨੇ ਅੱਗੇ ਦੱਸਿਆ ਕਿ ਪਹਿਲਾਂ ਆਸ਼ਰਮ ’ਚ ਕੇਵਲ ਅਨਾਥ,ਬੇਸਹਾਰਾ ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ ਸੀ ਪਰ ਹੁਣ ਲਾਵਾਰਸ ਬੇਸਹਾਰਾ ਔਰਤਾਂ ਨੂੰ ਵੀ ਸਹਾਰਾ ਦਿੱਤਾ ਜਾਵੇਗਾ। ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਿਲਡਿੰਗ ਨੂੰ ਬਣਾਉਣ ’ਚ ਸਰਦਾਰ ਵਰਿੰਦਰਪਾਲ ਗਲੋਰੀ, ਰਜਿੰਦਰ ਪ੍ਰਸਾਦ ਅਤੇ ਮੈਨੇਜਰ ਰਮਨ ਕੁਮਾਰ ਦਾ ਮੁੱਖ ਸਹਿਯੋਗ ਰਿਹਾ ਹੈ। ਸੰਸਥਾ ਵੱਲੋਂ ਬਿਲਡਿੰਗ ਦੇ ਬਾਹਰ ਮਾਨਵਤਾ ਪੰਘੂੜਾ ਸੇਵਾ ਵੀ ਸ਼ੁਰੂ ਕੀਤਾ ਗਿਆ। ਇਸ ਲਈ ਨਵਾਂ ਪੰਘੂੜਾ ਵੀ ਲਗਾਇਆ ਗਿਆ ਹੈ। ਜਿਸ ਵਿਅਕਤੀ ਨੂੰ ਬੱਚਾ ਨਹੀਂ ਚਾਹੀਦਾ ਉਹ ਬੱਚਾ ਇਸ ਪੰਘੂੜਾ ਵਿੱਚ ਰੱਖ ਕੇ ਜਾ ਸਕਦਾ ਹੈ। ਇਸ ਵਿੱਚ ਬੱਚਾ ਰੱਖਣ ਵਾਲੇ ਵਿਅਕਤੀ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।