ਐਚਪੀਵੀ ਵਾਇਰਸ ਲੜਕੀਆਂ ਤੇ ਮਹਿਲਾਵਾਂ ’ਚ ਸਰਵਾਇਕਲ ਕੈਂਸਰ ਦਾ ਮੁੱਖ ਕਾਰਨ : ਡਾ. ਰੋਬਿਨ
ਐਚਪੀਵੀ ਵਾਇਰਸ ਲੜਕੀਆਂ ਅਤੇ ਮਹਿਲਾਵਾਂ ’ਚ ਸਰਵਾਇਕਲ ਕੈਂਸਰ ਦਾ ਮੁੱਖ ਕਾਰਨ : ਡਾ. ਰੋਬਿਨ
Publish Date: Fri, 13 Mar 2026 04:54 PM (IST)
Updated Date: Fri, 13 Mar 2026 04:57 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਦੋਦਾ ਡਾ. ਰੋਬਿਨ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ’ਤੇ ਐਚਪੀਵੀ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਡਾ. ਰੋਬਿਨ ਨੇ ਦੱਸਿਆ ਕਿ ਐਚਪੀਵੀ ਵਾਇਰਸ ਲੜਕੀਆਂ ਅਤੇ ਮਹਿਲਾਵਾਂ ’ਚ ਸਰਵਾਇਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਇਸ ਵੈਕਸੀਨ ਰਾਹੀਂ ਇਸ ਗੰਭੀਰ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਵੈਕਸੀਨ 14 ਸਾਲ ਦੀ ਉਮਰ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਸਰਵਾਇਕਲ ਕੈਂਸਰ ਦੇ ਮਾਮਲਿਆਂ ’ਚ ਕਮੀ ਲਿਆਂਦੀ ਜਾ ਸਕੇ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਐਚ.ਪੀ.ਵੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਹੈ ਅਤੇ ਇਸ ਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਹਨ। ਹਲਕਾ ਬੁਖਾਰ ਜਾਂ ਟੀਕੇ ਵਾਲੀ ਥਾਂ ‘ਤੇ ਦਰਦ ਜਿਹਾ ਆਮ ਪ੍ਰਭਾਵ ਹੋ ਸਕਦਾ ਹੈ ਜੋ ਕੁਝ ਸਮੇਂ ਵਿੱਚ ਠੀਕ ਹੋ ਜਾਂਦਾ ਹੈ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਆਪਣੀਆਂ ਬੱਚੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਸੀਨੀਅਰ ਮੈਡੀਕਲ ਅਫਸਰ ਦੋਦਾ ਡਾ ਰੋਬਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ 90 ਦਿਨ ਚੱਲੇਗੀ ਇਹ ਸਾਰੇ ਸਰਕਾਰੀ ਹਸਪਤਾਲਾਂ, ਕਮਿਊਨਟੀ ਹੈਲਥ ਸੈਂਟਰਾਂ ਵਿੱਚ ਰੋਜਾਨਾ ਚਲਾਈ ਜਾਵੇਗੀ। ਇਹ ਇੱਕ ਟੀਕਾ ਉਮਰ ਭਰ ਲਈ ਬੱਚੀਆਂ ਨੂੰ ਬੱਚੇਦਾਨੀ ਦੇ ਕੈਂਸ਼ਰ ਤੋਂ ਸੁਰੱਖਿਅਤ ਕਰਨ ਲਈ ਲਗਾਇਆ ਜਾਵੇਗਾ ਅਤੇ ਨਾਲ ਹੀ ਟੀਕਾਕਰਣ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਮੁਹਿੰਮ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਫਲ ਹੋ ਸਕੇਗੀ। ਸਿਹਤ ਕਰਮਚਾਰੀਆਂ ਨੂੰ ਇਸ ਸਬੰਧੀ ਪਹਿਲਾਂ ਹੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਗਗਨਦੀਪ ਸਿੰਘ ਭੁੱਲਰ ਬੀਈਈ, ਸੁਖਵਿੰਦਰ ਸਿੰਘ ਮ.ਪ.ਹ.ਸ (ਮੇਲ), ਹਰਜੀਤ ਕੌਰ, ਸਵਰਨਜੀਤ ਕੌਰ, ਰਮਿੰਦਰਪਾਲ ਕੌਰ ਮ.ਪ.ਹ.ਸ. (ਫੀਮੇਲ) ਹਾਜ਼ਰ ਸਨ।