ਤੇਜ ਰਫ਼ਤਾਰ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਹਲਾਕ, ਦੂਜਾ ਫੱਟੜ
ਤੇਜ ਰਫ਼ਤਾਰ ਕੈਂਟਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜਖ਼ਮੀ
Publish Date: Fri, 02 Jan 2026 07:26 PM (IST)
Updated Date: Sat, 03 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਸਾਹਿਬਜ਼ਾਦਾ ਨਗਰ ਕੱਟ ਨੇੜੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ’ਚੋਂ ਇਕ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਥਾਣਾ ਸਿਟੀ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਿੰਦਰ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਪਿੰਡ ਦਿਉਣਖੇੜਾ ਨੇ ਦੱਸਿਆ ਕਿ ਮਿਤੀ 31 ਦਸੰਬਰ 2025 ਸਮਾਂ ਕਰੀਬ ਸ਼ਾਮ 5 ਵਜੇ ਉਸ ਦਾ ਲੜਕਾ ਸੰਨੀ ਕੁਮਾਰ ਤੇ ਉਸਦੇ ਗੁਆਂਢ ’ਚ ਰਹਿੰਦਾ ਜਸਵਿੰਦਰ ਕੁਮਾਰ ਪੁੱਤਰ ਜੂਮਾ ਰਾਮ, ਜੋ ਕੰਮ ਕਾਰ ਦੇ ਸਬੰਧ ’ਚ ਸ਼ਹਿਰ ਮਲੋਟ ਨੂੰ ਮੋਟਰਸਾਈਕਲ (ਪੀਬ04ਕਿਯੂ1809) ’ਤੇ ਆ ਰਹੇ ਸੀ ਅਤੇ ਮੋਟਰਸਾਈਕਲ ਨੂੰ ਜਸਵਿੰਦਰ ਕੁਮਾਰ ਚਲਾ ਰਿਹਾ ਸੀ। ਸੰਨੀ ਕੁਮਾਰ ਮੋਟਰਸਾਈਕਲ ਪਿੱਛੇ ਬੈਠਾ ਸੀ। ਉਹ ਤੇ ਉਸ ਦਾ ਵੱਡਾ ਭਰਾ ਸੁਰੇਸ਼ ਕੁਮਾਰ ਉਨ੍ਹਾਂ ਦੇ ਪਿੱਛੇ-ਪਿੱਛੇ ਵੱਖਰੇ ਮੋਟਰਸਾਈਕਲ ’ਤੇ ਆ ਰਹੇ ਸੀ। ਜਦ ਇਨ੍ਹਾਂ ਦਾ ਮੋਟਰਸਾਈਕਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੱਟ ਪਾਸ ਪੁੱਜਾ ਤਾਂ ਅਜੀਤ ਨਗਰ ਵੱਲੋਂ ਇਕ ਅਵਾਰਾ ਪਸ਼ੂ ਤੇਜ਼ੀ ਨਾਲ ਆਇਆ, ਜਿਸ ਨੂੰ ਦੇਖ ਕੇ ਜਸਵਿੰਦਰ ਕੁਮਾਰ ਨੇ ਆਪਣਾ ਮੋਟਰਸਾਈਕਲ ਰੋਕਿਆ ਤਾਂ ਇੰਨੇ ਨੂੰ ਇਕ ਕੈਂਟਰ ਤੇਜ਼ੀ ਤੇ ਲਾਪਰਵਾਹੀ ਨਾਲ ਪਿੱਛੋਂ ਆਇਆ, ਜਿਸ ਨੇ ਆਪਣਾ ਕੈਂਟਰ ਜਸਵਿੰਦਰ ਕੁਮਾਰ ਦੇ ਮੋਟਰਸਾਈਕਲ ’ਚ ਮਾਰਿਆ, ਜਿਸ ਨਾਲ ਮੋਟਰਸਾਈਕਲ ਥੱਲੇ ਡਿੱਗ ਪਿਆ ਤੇ ਜਸਵਿੰਦਰ ਕੁਮਾਰ ਅਤੇ ਸੰਨੀ ਕੁਮਾਰ ਵੀ ਸੜਕ ’ਤੇ ਡਿੱਗ ਗਏ। ਚਾਲਕ ਨੇ ਕੈਂਟਰ ਉਸ ਦੇ ਲੜਕੇ ਉਪਰੋਂ ਲੰਘਾ ਕੇ ਸੜਕ ਤੋਂ ਥੋੜਾ ਅੱਗੇ ਰੋਕ ਕੇ ਬਾਰੀ ਵਿਚੋਂ ਪਿੱਛੇ ਦੇਖਿਆ ਤੇ ਆਪਣਾ ਕੈਂਟਰ ਭਜਾ ਕੇ ਲੈ ਗਿਆ ਅਤੇ ਜਸਵਿੰਦਰ ਕੁਮਾਰ ਤੇ ਸੰਨੀ ਕੁਮਾਰ ਦੇ ਵੀ ਕਾਫੀ ਸੱਟਾਂ ਲੱਗੀਆਂ, ਫਿਰ ਅਸੀਂ ਸਵਾਰੀ ਦਾ ਪ੍ਰਬੰਧ ਕਰ ਕੇ ਜਸਵਿੰਦਰ ਕੁਮਾਰ ਤੇ ਸੰਨੀ ਕੁਮਾਰ ਨੂੰ ਸਿਵਲ ਹਸਪਤਾਲ ਮਲੋਟ ਲੈ ਗਏ, ਜਿਥੇ ਡਾਕਟਰਾਂ ਨੇ ਸੰਨੀ ਕੁਮਾਰ ਨੂੰ ਸੱਟਾ ਜ਼ਿਆਦਾ ਹੋਣ ਕਰ ਕੇ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਸੰਨੀ ਕੁਮਾਰ ਦੀ ਮੌਤ ਹੋ ਗਈ। ਇਸ ’ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।ੋ